ਫੈਕਟ ਸਮਾਚਾਰ ਸੇਵਾ
ਕੁਏਟਾ , ਮਾਰਚ 11
ਅੱਜ ਵੱਖਵਾਦੀ ਅੱਤਵਾਦੀਆਂ ਨੇ ਦੱਖਣ-ਪੱਛਮੀ ਪਾਕਿਸਤਾਨ ‘ਚ ਇਕ ਯਾਤਰੀ ਰੇਲਗੱਡੀ ‘ਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਰੇਲਗੱਡੀ ਦਾ ਚਾਲਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਗੱਡੀ ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਕੁਏਟਾ ਤੋਂ ਖੈਬਰ ਪਖਤੂਨਖਵਾ ਦੇ ਪਿਸ਼ਾਵਰ ਜਾ ਰਹੀ ਸੀ ਜਦੋਂ ਇਸ ‘ਤੇ ਗੋਲੀਬਾਰੀ ਕੀਤੀ ਗਈ। ਅਧਿਕਾਰੀਆਂ ਨੇ ਇਕ ਬਿਆਨ ‘ਚ ਦੱਸਿਆ ਕਿ ਇਕ ਅੱਤਵਾਦੀ ਵੱਖਵਾਦੀ ਗਰੁੱਪ ਬਲੂਚ ਲਿਬਰੇਸ਼ਨ ਆਰਮੀ (BLA) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਬਲਾਂ ਸਮੇਤ ਰੇਲਗੱਡੀ ਤੋਂ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ ਤੇ ਜਾਂਚ ਜਾਰੀ ਹੈ।
ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹਮੇਸ਼ਾ ਇੱਥੇ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਬਲੋਚਿਸਤਾਨੀ ‘ਚ ਵੱਖਵਾਦੀ ਸਮੂਹਾਂ ਵੱਲੋਂ ਆਜ਼ਾਦੀ ਜਾਂ ਵੱਧ ਖ਼ੁਦਮੁਖ਼ਤਿਆਰੀ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਬਗ਼ਾਵਤ ਚੱਲ ਰਿਹਾ ਹੈ। ਹਾਲ ਦੇ ਕੁਝ ਸਾਲਾਂ ਵਿਚ ਨਜ਼ਰ ਮਾਰੀਏ ਤਾਂ ਬਲੋਚਿਸਤਾਨ ‘ਚ ਸੁਰੱਖਿਆ ਬਲਾਂ, ਬੁਨਿਆਦੀ ਢਾਂਚੇ ਤੇ ਨਾਗਰਿਕਾਂ ‘ਤੇ ਵਾਰ-ਵਾਰ ਹਮਲੇ ਹੋਏ ਹਨ।