ਫੈਕਟ ਸਮਾਚਾਰ ਸੇਵਾ
ਪਟਿਆਲਾ, ਅਗਸਤ 12
ਪੰਜਾਬ ਸਰਕਾਰ ਵੱਲੋਂ ਵਿਰਾਸਤ ਅਤੇ ਰਵਾਇਤਾਂ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ‘ਰਾਜ ਪੱਧਰੀ ਤੀਆਂ ਦਾ ਮੇਲਾ’ ਅੱਜ ਪਟਿਆਲਾ ਵਿੱਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਮਾਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਮਾਜਿਕ ਸੁਰੱਖਿਆ ਵਿਭਾਗ ਦੀ ਵਧੀਕ ਸਕੱਤਰ ਸ੍ਰੀਮਤੀ ਵਿੰਮੀ ਭੁੱਲਰ ਨੇ ਵੀ ਉਨ੍ਹਾਂ ਨਾਲ ਹਾਜ਼ਰੀ ਭਰ ਕੇ ਸਮਾਗਮ ਦੀ ਸ਼ਾਨ ਵਧਾਈ।
ਗੁਰਪ੍ਰੀਤ ਕੌਰ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਮਹਿਲਾਵਾਂ ਲਈ ਖੁਸ਼ੀ, ਮਿਲਾਪ ਅਤੇ ਸਾਂਝ-ਪਿਆਰ ਦਾ ਸੁਨੇਹਾ ਲਿਆਉਂਦਾ ਹੈ। ਇਹ ਤਿਉਹਾਰ ਸਾਡੀ ਰਵਾਇਤੀ ਵਿਰਾਸਤ ਦਾ ਅਟੁੱਟ ਹਿੱਸਾ ਹਨ, ਜੋ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ, ਜਿਸ ਵਿੱਚ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੀਆਂ ਦੇ ਮੇਲੇ ਲਗਾਏ ਜਾ ਰਹੇ ਹਨ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਤੀਆਂ ਦੇ ਮੇਲੇ ਨਾ ਸਿਰਫ ਸੱਭਿਆਚਾਰਕ ਰੰਗਤ ਨੂੰ ਉਜਾਗਰ ਕਰਦੇ ਹਨ, ਸਗੋਂ ਮਹਿਲਾਵਾਂ ਵਿੱਚ ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦੇ ਜਜ਼ਬੇ ਨੂੰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।
ਵਧੀਕ ਸਕੱਤਰ ਸ੍ਰੀਮਤੀ ਵਿੰਮੀ ਭੁੱਲਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਮੇਲਾ ਪੰਜਾਬ ਸਰਕਾਰ ਦੀ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਮਹਿਲਾਵਾਂ ਦੀ ਭੂਮਿਕਾ ਹਰ ਖੇਤਰ ਵਿੱਚ ਮਹੱਤਵਪੂਰਣ ਹੈ।ਸਮਾਗਮ ਦੌਰਾਨ ਰੰਗਾਰੰਗ ਪ੍ਰੋਗਰਾਮ, ਗਿੱਧਾ, ਲੋਕ-ਸੰਗੀਤ ਅਤੇ ਜੁੱਤੀ, ਪਰਾਂਦੀ, ਫੁਲਕਾਰੀਆਂ ਆਦਿ ਰਵਾਇਤੀ ਕਲਾਵਾਂ ਦੀ ਪ੍ਰਦਰਸ਼ਨੀ ਲਗਾਈ ਗਈ। ਔਰਤਾਂ ਅਤੇ ਬੱਚਿਆਂ ਵੱਲੋਂ ਮਹਿੰਦੀ, ਰੰਗੋਲੀ, ਚਰਖਾ, ਦਰੀਆਂ ਅਤੇ ਜਿੰਦੀ ਵਰਗੀਆਂ ਪ੍ਰਦਰਸ਼ਨੀਆਂ ਨੇ ਲੋਕਾਂ ਦਾ ਧਿਆਨ ਖਿੱਚਿਆ। ਇਸ ਤੋਂ ਇਲਾਵਾ ਬੇਬੀ ਤੀਜ, ਮਿਸ ਤੀਜ ਅਤੇ ਮਿਸਜ਼ ਤੀਜ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਦੇ ਜੇਤੂਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਇਨਾਮ ਦਿੱਤੇ ਗਏ।
ਇਸ ਮੇਲੇ ਨੇ ਸੈਂਕੜੇ ਔਰਤਾਂ ਅਤੇ ਪਰਿਵਾਰਾਂ ਨੂੰ ਇਕੱਠਾ ਕਰਕੇ ਸਮਾਜਿਕ ਏਕਤਾ ਅਤੇ ਸੱਭਿਆਚਾਰਕ ਸੰਸਕਾਰਾਂ ਦਾ ਸੁਨੇਹਾ ਦਿੱਤਾ। ਭਾਗ ਲੈਣ ਵਾਲੀਆਂ ਮਹਿਲਾਵਾਂ ਨੇ ਇਸ ਤਿਉਹਾਰ ਨੂੰ ਇਕ ਯਾਦਗਾਰ ਤਜਰਬਾ ਦੱਸਿਆ। ਅੰਤ ਵਿੱਚ ਸਾਰੇ ਮਹਿਮਾਨਾਂ ਨੇ ਮਹਿਲਾਵਾਂ ਅਤੇ ਬੱਚਿਆਂ ਨਾਲ ਰਲ ਮਿਲ ਕੇ ਤੀਆਂ ਦੇ ਗੀਤਾਂ ‘ਤੇ ਨੱਚ ਕੇ ਤਿਉਹਾਰ ਦੀ ਖੁਸ਼ੀ ਮਨਾਈ। ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ ਜੱਸੀ ਸੋਹੀਆਂ ਵਾਲਾ, ਸਿਮਰਨ ਕੌਰ ਪਠਾਣਮਾਜਰਾ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਇਸਮਿਤ ਵਿਜੈ ਸਿੰਘ, ਪਰਦੀਪ ਸਿੰਘ ਗਿੱਲ, ਜੋਬਨਦੀਪ ਕੌਰ, ਸਮੂਹ ਸੀ.ਡੀ.ਪੀ.ਓਜ਼ ਅਤੇ ਆਂਗਣਵਾੜੀ ਵਰਕਰਜ਼ ਹਾਜ਼ਰ ਸਨ।