ਪਟਿਆਲਾ ਕੇਂਦਰੀ ਜੇਲ੍ਹ ‘ਚ ਉਜਾਲਾ ਪੰਜਾਬ ਪ੍ਰੀਜ਼ਨ ਓਲੰਪਿਕਸ-2026 ਦੇ ਮੁਕਾਬਲੇ ਸੰਪੰਨ

ਫੈਕਟ ਸਮਾਚਾਰ ਸੇਵਾ

ਪਟਿਆਲਾ, ਫਰਵਰੀ 12

ਪੰਜਾਬ ਦੇ ਜੇਲ੍ਹਾਂ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਪਿਛਲੀਆਂ ਗ਼ਲਤੀਆਂ ਸੁਧਾਰ ਕੇ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ ਹੈ। ਜੇਲ੍ਹ ਮੰਤਰੀ ਇੱਥੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਉਜਾਲਾ ਪੰਜਾਬ ਪ੍ਰੀਜ਼ਨ ਓਲੰਪਿਕਸ -2026 ਦੇ ਅੰਤਿਮ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਜੀ.ਪੀ ਜੇਲ੍ਹਾਂ ਅਰੁਨਪਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਤੇ ਆਈ.ਜੀ. ਜੇਲਾਂ ਮੁਹੰਮਦ ਤਇਅਬ ਵੀ ਮੌਜੂਦ ਸਨ।

ਇਨ੍ਹਾਂ ਮੁਕਾਬਲਿਆਂ ਦੌਰਾਨ ਸੂਬੇ ਦੀਆਂ ਜੇਲ੍ਹਾਂ ਦੇ ਬੰਦੀਆਂ ਦੇ ਰੱਸਾ ਕੱਸੀ, ਕਬੱਡੀ, ਵਾਲੀਬਾਲ, ਬੈਡਮਿੰਟਨ, ਚੈੱਸ, ਚਿਤਰਕਾਰੀ, ਅਥਲੈਟਿਕਸ, ਲੰਬੀ ਛਾਲ, ਸ਼ਾਟਪੁੱਟ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਜਦਕਿ ਮਹਿਲਾ ਬੰਦੀਆਂ ਦੇ ਵੀ ਚੈੱਸ, ਚਿਤਰਕਾਰੀ, ਬੈਡਮਿੰਟਨ ਸਿੰਗਲਜ਼ ਤੇ ਡਬਲਸ, ਅਥਲੈਟਿਕਸ, ਲੰਬੀ ਛਾਲ ਤੇ ਸ਼ਾਟ ਪੁੱਟ ਦੇ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਵਿੱਚ ਪਟਿਆਲਾ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਸਭ ਤੋਂ ਵਧ ਮੈਡਲ ਜਿੱਤ ਕੇ ਓਵਰਆਲ ਜੇਤੂ ਰਹੇ, ਜਦਕਿ ਫਰੀਦਕੋਟ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਦੂਜੇ ਅਤੇ ਕਪੂਰਥਲਾ ਜੋਨ ਦੀਆਂ ਜੇਲ੍ਹਾਂ ਦੇ ਬੰਦੀ ਖਿਡਾਰੀ ਤੀਜੇ ਸਥਾਨ ‘ਤੇ ਰਹੇ।

ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁੱਟਣ ਵਾਲਿਆਂ ਦੇ ਘਰ ਸਦਾ ਹਨੇਰਾ ਰਹਿੰਦਾ ਹੈ, ਇਸ ਲਈ ਸਾਰੇ ਬੰਦੀ ਚੰਗੇ ਕੰਮ ਕਰਕੇ ਆਪਣਾ ਭਵਿੱਖ ਸੁਧਾਰਨ ਅਤੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਜੇਲ੍ਹਾਂ ਵਿੱਚ ਬੰਦੀਆਂ ਦੇ ਸੁਧਾਰ ਲਈ ਸ਼ੁਰੂ ਕੀਤੇ ਕੋਰਸ ਕਰਕੇ ਸਵੈ ਰੋਜ਼ਗਾਰ ਦੇ ਕਾਬਲ ਬਣਨ। ਉਨ੍ਹਾਂ ਜੇਲ੍ਹਾਂ ਦੇ ਬਾਹਰ ਖੋਲ੍ਹੇ ਪੈਟਰੋਲ ਪੰਪਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਰੀਆਂ ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਖੋਲ੍ਹ ਕੇ ਬੰਦੀਆਂ ਨੂੰ ਹੋਰ ਸੁਧਰਨ ਦਾ ਮੌਕੇ ਦਿੱਤੇ ਜਾਣਗੇ ਤੇ ਚੰਗੇ ਆਚਰਨ ਵਾਲੇ ਬੰਦੀਆਂ ਨੂੰ ਇੱਥੇ ਕੰਮ ਦਾ ਮੌਕਾ ਦਿੱਤਾ ਜਾਵੇਗਾ।

ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੇਲ੍ਹਾਂ ਵਿੱਚ ਖੇਡਾਂ ਦੇ ਓਲੰਪਿਕਸ ਕਰਵਾਉਣ ਦੀ ਸ਼ੁਰੂਆਤ ਕਰਕੇ ਬੰਦੀਆਂ ਨੂੰ ਖਿਡਾਰੀ ਬਣਕੇ ਆਪਸ ਵਿੱਚ ਖੇਡਣ ਅਤੇ ਭਾਈਚਾਰਕ ਸਾਂਝ ਬਣੇ ਤੇ ਬੰਦੀਆਂ ਨੂੰ ਅਨੁਸ਼ਾਸਨ ‘ਚ ਰਹਿੰਦਿਆਂ ਆਪਣੇ ਆਪ ਵਿੱਚ ਸੁਧਾਰ ਲਿਆਉਣ ਦਾ ਮੌਕਾ ਦਿੱਤਾ ਹੈ। ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜੇਲ੍ਹ ਪ੍ਰਸ਼ਾਸਨ ਨੂੰ ਇਹ ਖੇਡ ਉਲੰਪਿਕਸ ਕਰਵਾਉਣ ਦੀ ਵਧਾਈ ਦਿੰਦਿਆਂ ਆਸ ਜਤਾਈ ਕਿ ਖੇਡਾਂ ਤੇ ਚੰਗੀ ਸੋਚ ਨਾਲ ਜੁੜੇ ਕੈਦੀ ਜੇਲ੍ਹਾਂ ਤੋਂ ਬਾਹਰ ਆ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣਗੇ।

ਇਸ ਮੌਕੇ ਮਹਿਲਾ ਬੰਦੀਆਂ ਨੇ ਗਿੱਧਾ ਤੇ ਪੁਰਸ਼ ਬੰਦੀਆਂ ਨੇ ਭੰਗੜੇ ਦੀ ਪੇਸ਼ਕਾਰੀ ਕੀਤੀ ਅਤੇ ਕਬੱਡੀ ਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ ਜਦਕਿ ਬੰਦੀ ਖਿਡਾਰੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਅਗਲੀ ਓਲੰਪਿਕਸ ਕਪੂਰਥਲਾ ਜੇਲ੍ਹ ਵਿੱਚ ਕਰਵਾਉਣ ਦੇ ਵਚਨ ਨਾਲ ਪਟਿਆਲਾ ਜੇਲ੍ਹ ‘ਚ ਉਜਾਲਾ ਪੰਜਾਬ ਪ੍ਰੀਜ਼ਨ ਓਲੰਪਿਕਸ-2026 ਦੇ ਮੁਕਾਬਲੇ ਸੰਪੰਨ ਹੋਏ।

ਇਸ ਮੌਕੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਵੱਲੋਂ ਆਪਣੀ ਟੀਮ ਦੇ ਮੈਂਬਰਾਂ ਵਧੀਕ ਸੁਪਰਡੈਂਟ ਜੈਦੀਪ ਸਿੰਘ ਤੇ ਅਰਪਨਜੋਤ ਸਿੰਘ ਸਮੇਤ ਹੋਰ ਪਟਿਆਲਾ ਜੇਲ੍ਹ ਨਾਲ ਸਾਰੇ ਪ੍ਰਬੰਧ ਵਧੀਆ ਕਰਨ ਲਈ ਜੇਲ੍ਹ ਮੰਤਰੀ ਨੇ ਭਰਵੀਂ ਸ਼ਲਾਘਾ ਕੀਤੀ। ਮੰਚ ਸੰਚਾਲਨ ਸੁਮਨ ਬੱਤਰਾ ਨੇ ਕੀਤਾ। ਸਮਾਰੋਹ ਦੌਰਾਨ ਡੀ.ਆਈ.ਜੀ. ਐਸ.ਐਸ ਮੰਡ ਤੇ ਐਮ.ਕੇ. ਸ਼ਰਮਾ, ਆਰ.ਟੀ.ਓ. ਬਬਨਦੀਪ ਸਿੰਘ ਵਾਲੀਆ ਸਮੇਤ ਵੱਖ-ਵੱਖ ਜੇਲ੍ਹਾਂ ਦੇ ਸੁਪਰਡੈਂਟ ਤੇ ਹੋਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *

View in English