ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਨਵੰਬਰ 21
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਇਹਨਾਂ ਸਮਾਗਮਾਂ ਦੇ ਹਿੱਸੇ ਵਜੋਂ ਵੀਰਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ, ਮਾਲੇਰਕੋਟਲਾ ਅਤੇ ਮਾਨਸਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਸੂਬੇ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸਥਾਨਕ ਆਗੂਆਂ ਨੇ ਵੱਡੀ ਗਿਣਤੀ ਵਿੱਚ ਸੰਗਤ ਸਮੇਤ ਹਾਜ਼ਰੀ ਭਰੀ।
ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿਖੇ ਕਰਵਾਏ ਗਏ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਹੋਰ ਉੱਘੀਆਂ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਇਕੱਤਰ ਹੋਈਆਂ। ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਸ ਇਤਿਹਾਸਕ ਪਹਿਲਕਦਮੀ ਦਾ ਉਦੇਸ਼ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ, ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣਾ ਹੈ।
ਮਾਲੇਰਕੋਟਲਾ ਦੇ ਸਥਾਨਕ ਸਰਕਾਰੀ ਕਾਲਜ ਵਿੱਚ ਕਰਵਾਏ ਸ਼ੋਅ ਵਿੱਚ ਬੱਚਿਆਂ, ਜਵਾਨਾਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਇਹ ਸ਼ੋਅ ਡਿਜੀਟਲ ਤਕਨਾਲੋਜੀ ਰਾਹੀਂ ਬਹੁਤ ਹੀ ਸੁੰਦਰਤਾ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਮਾਲ,ਪੁਨਰਵਾਸ ਤੇ ਆਫ਼ਤ ਪ੍ਰਬੰਧਨ,ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ,ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ, ਵਿਧਾਇਕ ਅਮਰਗੜ ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ।
ਇਸ ਤੋਂ ਇਲਾਵਾ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਇੱਕ ਪ੍ਰਭਾਵਸ਼ਾਲੀ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਸੈਂਕੜੇ ਸ਼ਰਧਾਲੂ ਸ਼ਾਮਲ ਹੋਏ। ਇਸ ਮੌਕੇ ਜਲ ਸਰੋਤ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ ਤੋਂ ਇਲਾਵਾ ਵਿਧਾਇਕ ਮਾਨਸਾ ਵਿਜੈ ਸਿੰਗਲਾ, ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਸਥਾਨਕ ਸੰਗਤ ਮੌਜੂਦ ਸੀ।
ਇਨ੍ਹਾਂ ਲਾਈਟ ਐਡ ਸਾਊਂਡ ਸ਼ੋਅਜ਼ ਵਿੱਚ ਹਾਜ਼ਰੀ ਭਰਨ ਵਾਲੀ ਸੰਗਤ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਹੈ। ਲਾਈਟ ਐਂਡ ਸਾਊਂਡ ਸ਼ੋਅਜ਼ ਵਿੱਚ ਆਧੁਨਿਕ ਲੇਜ਼ਰ ਲਾਈਟਾਂ ਅਤੇ 3ਡੀ ਪ੍ਰੋਜੈਕਸ਼ਨ ਰਾਹੀਂ ਗੁਰੂ ਤੇਗ ਬਹਾਦਰ ਜੀ ਦੇ ਸਮੁੱਚੇ ਜੀਵਨ ਕਾਲ, ਫਲਸਫ਼ੇ, ਸਿੱਖਿਆਵਾਂ ਅਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਉੱਤੇ ਚਾਨਣਾ ਪਾਇਆ ਗਿਆ।







