View in English:
February 13, 2025 4:30 pm

ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ : ਕਮਿਸ਼ਨਰ

ਫੈਕਟ ਸਮਾਚਾਰ ਸੇਵਾ

ਬਟਾਲਾ, ਫਰਵਰੀ 13

ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਵਾਜਾਈ ਦੀ ਸਹੂਲਤ ਅਤੇ ਲੋਕਾਂ ਦੀ ਮੰਗ ਨੂੰ ਰੱਖਦਿਆਂ ਬਜਾਰਾਂ ਵਿੱਚ ਕੀਤੇ ਨਾਜਾਇਜ਼ ਕਬਜਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਿਟੀ ਰੋਡ ਬਟਾਲਾ ‘ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜਿਆਂ ਨੂੰ ਹਟਾਇਆ ਗਿਆ।

ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਦੀ ਅਗਵਾਈ ਹੇਠ ਕਾਰਪੋਰੇਸ਼ਨ ਅਤੇ ਟਰੈਫਿਕ ਪੁਲਿਸ ਦੀ ਟੀਮ ਵੱਲੋਂ ਸਿਟੀ ਰੋਡ, ਹੰਸਲੀ ਪੁਲ ‘ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਮਿਸ਼ਨਰ, ਨਗਰ ਨਿਗਮ, ਵਿਕਰਮਜੀਤ ਸਿੰਘ ਪਾਂਥੇ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਕਾਰਨ ਅਕਸਰ ਹੀ ਬਜ਼ਾਰਾਂ ਵਿੱਚ ਟਰੈਫਕਿ ਜਾਮ ਲੱਗੇ ਰਹਿੰਦੇ ਹਨ ਅਤੇ ਸਕੂਲੀ ਬੱਚਿਆਂ ਅਤੇ ਕਈ ਵਾਰ ਐਂਬੂਲੈਂਸ ਵੀ ਇਸ ਜਾਮ ਵਿੱਚ ਫਸ ਜਾਂਦੀਆਂ ਸਨ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਤੇ ਆਵਾਜਾਈ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਇਸ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਕਈ ਵਾਰ ਬੇਨਤੀ ਅਤੇ ਮੁਨਾਦੀ ਰਾਹੀਂ ਵੀ ਕਿਹਾ ਗਿਆ ਸੀ ਕਿ ਉਹ ਖ਼ੁਦ ਹੀ ਆਪਣੀਆਂ ਦੁਕਾਨਾਂ ਅੱਗੋਂ ਨਜਾਇਜ਼ ਕਬਜ਼ੇ ਹਟਾ ਲੈਣ। ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਬਜ਼ੇ ਹਟਾਏ ਵੀ ਸਨ ਪਰ ਫਿਰ ਵੀ ਕੁਝ ਅਜਿਹੇ ਦੁਕਾਨਦਾਰ ਹਨ, ਜੋ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਆਪਣੇ ਕਬਜ਼ੇ ਨਹੀਂ ਹਟਾ ਰਹੇ ਸਨ।

ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿੰਮੇਵਾਰ ਨਾਗਰਿਕ ਬਣਦੇ ਹੋਏ ਖ਼ੁਦ ਹੀ ਆਪਣੀਆਂ ਦੁਕਾਨਾਂ ਅੱਗੋਂ ਨਜਾਇਜ਼ ਕਬਜ਼ੇ ਹਟਾ ਲੈਣ ਅਤੇ ਕਾਰਪੋਰੇਸ਼ਨ ਦੀ ਟੀਮ ਨਾਲ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਹੌਲੀ ਹੌਲੀ ਸਾਰੇ ਸ਼ਹਿਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਅਤੇ ਬਟਾਲਾ ਸ਼ਹਿਰ ਨੂੰ ਖੂਬਸੂਰਤ ਬਣਾਉਣ ਅਤੇ ਸੁਖਾਲੀ ਆਵਾਜਾਈ ਕਰਨ ਲਈ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ।

ਇਸ ਮੌਕੇ ਟਰੈਫਿਕ ਇੰਚਾਰਜ ਸੁਰਿੰਦਰ ਸਿੰਘ, ਇੰਸਪੈਕਟਰ ਕਾਰਪੋਰੇਸ਼ਨ ਪਲਵਿੰਦਰ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

View in English