View in English:
March 31, 2025 12:24 pm

ਨਸ਼ਾ ਸਮੱਗਲਰ ਦੇ ਪਿੰਡ ਨੈਣੋਵਾਲ ਵੈਦ ਦੀ ਪੰਚਾਇਤੀ ਜ਼ਮੀਨ ‘ਤੇ ਬਣੇ ਨਜਾਇਜ਼ ਮਕਾਨ ਨੂੰ ਢਾਹਿਆ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ, ਮਾਰਚ 28

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡ ਨੈਣੋਵਾਲ ਵੈਦ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਨਸ਼ਾ ਤਸਕਰ ਗੁਰਮੀਤ ਕੌਰ ਦੇ ਪੰਚਾਇਤੀ ਜ਼ਮੀਨ ‘ਤੇ ਨਜਾਇਜ਼ ਕਬਜੇ ਵਾਲੇ ਮਕਾਨ ਨੂੰ ਪਿੰਡ ਦੀ ਪੰਚਾਇਤ ਦੀ ਮੌਜੂਦਗੀ ਵਿਚ ਢਾਹਿਆ ਗਿਆ।

ਪਿੰਡ ਦੀ ਪੰਚਾਇਤ ਵਲੋਂ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਸਦਕਾ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਵੇਗੀ। ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਨਸ਼ਾ ਤਸਕਰ ਗੁਰਮੀਤ ਕੌਰ ਪਤਨੀ ਬਲਵਿੰਦਰ ਸਿੰਘ, ਜਿਸ ‘ਤੇ ਐਨ.ਡੀ.ਪੀ.ਐਸ. ਐਕਟ ਦੇ 8 ਮਾਮਲੇ ਦਰਜ ਹਨ ਅਤੇ ਤਿੰਨ ਵਿਚ ਸਜਾ ਹੋ ਚੁੱਕੀ ਹੈ, ਵਲੋਂ ਪਿੰਡ ਨੈਣੋਵਾਲ ਦੀ ਪੰਚਾਇਤੀ ਜ਼ਮੀਨ ‘ਤੇ ਮਕਾਨ ਕਬਜ਼ੇ ਵਿਚ ਲਿਆ ਹੋਇਆ ਸੀ। ਪਿੰਡ ਦੀ ਪੰਚਾਇਤ ਵਲੋਂ ਕਈ ਵਾਰ ਥਾਂ ਖਾਲੀ ਕਰਨ ਬਾਰੇ ਕਿਹਾ ਗਿਆ ਪਰ ਉਸ ਵਲੋਂ ਮਕਾਨ ਖਾਲੀ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਚਾਇਤ ਵਲੋਂ ਬੀ.ਡੀ.ਪੀ.ਓ. ਦਫ਼ਤਰ ਪਹੁੰਚ ਕੀਤੀ ਗਈ ਜਿਸ ‘ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਦਫ਼ਤਰ ਵਲੋਂ ਬਣਦੀ ਕਾਰਵਾਈ ਕਰਕੇ ਉਸਾਰੀ ਨੂੰ ਢਾਉਣ ਦਾ ਸਮਾਂ ਨਿਸ਼ਚਿਤ ਕੀਤਾ ਗਿਆ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਵਿਵਸਥਾ ਦੇ ਮੱਦੇਨਜ਼ਰ ਢੁਕਵੀਂ ਗਿਣਤੀ ਵਿਚ ਫੋਰਸ ਤਾਇਨਾਤ ਕਰਦਿਆਂ ਨਸ਼ਿਆਂ ਦੇ ਧੰਦੇ ਵਿਚ ਸ਼ਾਮਲ ਗੁਰਮੀਤ ਕੌਰ ਦੇ ਕਬਜੇ ਵਾਲੇ ਮਕਾਨ ਨੂੰ ਢਾਹ ਦਿੱਤਾ ਗਿਆ।ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਨਸ਼ਾ ਸਮੱਗਲਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਇਨ੍ਹਾਂ ਮਾੜੇ ਕੰਮਾਂ ਵਿਚ ਸ਼ਾਮਲ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖਿਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਸਿੱਟੇ ਵਜੋਂ ਹੁਣ ਤੱਕ ਸਮੱਗਲਰਾਂ ਦੀ 25 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਟੈਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 1 ਮਾਰਚ ਤੋਂ ਜ਼ਿਲ੍ਹੇ ਵਿਚ ਨਸ਼ਿਆਂ ਦੀ ਰੋਕਥਾਮ ਲਈ ਚੈਕਿੰਗ ਵਧਾ ਦਿੱਤੀ ਗਈ ਹੈ ਅਤੇ ਹੁਣ ਤੱਕ 128 ਮਾਮਲੇ ਦਰਜ ਕਰਕੇ 191 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ 4 ਕਿਲੋ ਨਸ਼ੀਲਾ ਪਾਊਡਰ, 8110 ਨਸ਼ੀਲੀਆਂ ਗੋਲੀਆਂ, 707 ਗ੍ਰਾਮ ਹੈਰੋਇਨ, 2.306 ਕਿਲੋ ਅਫੀਮ ਅਤੇ 23400 ਰੁਪਏ ਡਰੱਗ ਮਨੀ ਵਜੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ ਤਾਂ ਜੋ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਦੇ ਨਾਲ-ਨਾਲ ਇਸ ਦੇ ਨੈਟਵਰਕ ਨੂੰ ਖਤਮ ਕੀਤਾ ਜਾ ਸਕੇ।

Leave a Reply

Your email address will not be published. Required fields are marked *

View in English