View in English:
April 3, 2025 11:54 am

ਨਸ਼ਾ ਤਸਕਰਾਂ ਵਲੋਂ ਪੰਚਾਇਤੀ ਜ਼ਮੀਨਾਂ ਉੱਪਰ ਕੀਤੀ ਨਜ਼ਾਇਜ਼ ਉਸਾਰੀ ’ਤੇ ਚੱਲੀ ਡਿਚ ਮਸ਼ੀਨ

ਫੈਕਟ ਸਮਾਚਾਰ ਸੇਵਾ

ਕਪੂਰਥਲਾ, ਅਪ੍ਰੈਲ 2


ਕਪੂਰਥਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਿੰਡ ਬੂਟ ਵਿਖੇ ਵੱਡੀ ਕਾਰਵਾਈ ਕਰਦਿਆਂ ਪੰਚਾਇਤੀ ਜ਼ਮੀਨ ਉੱਪਰ ਕੀਤੀਆਂ ਗਈਆਂ ਨਜ਼ਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਬੀ.ਡੀ.ਪੀ.ਓ. ਢਿਲਵਾਂ ਮਨਜੀਤ ਕੌਰ ਵਲੋਂ ਦਿੱਤੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ 3 ਅਜਿਹੀਆਂ ਉਸਾਰੀਆਂ ਨੂੰ ਢਾਹਿਆ ਗਿਆ ਜੋ ਕਿ ਨਸ਼ਾ ਤਸਕਰਾਂ ਵਲੋਂ ਪੰਚਾਇਤੀ ਜ਼ਮੀਨ ਉੱਪਰ ਨਜ਼ਾਇਜ਼ ਕਬਜਾ ਕਰਕੇ ਬਣਾਈਆਂ ਹੋਈਆਂ ਸਨ, ਜਿਨ੍ਹਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਐਨ.ਡੀ.ਪੀ.ਐਸ. ਦੇ 34 ਕੇਸ ਦਰਜ ਹਨ।

ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਪਿੰਡ ਬੂਟ ਵਿਖੇ ਪੰਚਾਇਤੀ ਜ਼ਮੀਨ ਉੱਪਰ ਗੈਰਕਾਨੂੰਨੀ ਤਰੀਕੇ ਨਾਲ ਜਿਊਣਾ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਉਸਦੀ ਪਤਨੀ ਭਾਨੀ ਵਲੋਂ ਕੀਤੀ ਗਈ ਨਜ਼ਾਇਜ਼ ਉਸਾਰੀ ਨੂੰ ਢਾਹਿਆ ਗਿਆ। ਜਿਊਣਾ ਸਿੰਘ ਉੱਪਰ ਐਨ.ਡੀ.ਪੀ.ਐਸ. ਦੇ 5 ਤੇ ਉਸਦੀ ਪਤਨੀ ਭਾਨੀ ਉੱਪਰ 4 ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਇਸ ਤੋਂ ਇਲਾਵਾ ਸ਼ੇਰ ਸਿੰਘ ਤੇ ਉਸਦੇ ਪੁੱਤਰਾਂ ਕਾਲਾ ਸਿੰਘ, ਮਹਿਤਾਬ ਸਿੰਘ ਵਲੋਂ ਕੀਤੀ ਨਜ਼ਾਇਜ਼ ਉਸਾਰੀ ਨੂੰ ਢਾਹਿਆ ਗਿਆ। ਸ਼ੇਰ ਸਿੰਘ ਵਿਰੁੱਧ ਇਕ ਤੇ ਉਸਦੇ ਪੁੱਤਰਾਂ ਕਾਲਾ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਦੇ 5 ਅਤੇ ਮਹਿਤਾਬ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਦੇ 8 ਮੁਕੱਦਮੇ ਤੇ ਚੜ੍ਹਤ ਸਿੰਘ ਉੱਪਰ ਐਨ.ਡੀ.ਪੀ.ਐਸ ਦੇ 7 ਮੁਕੱਦਮੇ ਦਰਜ ਹਨ।

ਇਸ ਤੋਂ ਇਲਾਵਾ ਪੰਚਾਇਤੀ ਜ਼ਮੀਨ ਉੱਪਰ ਸੁਰਜੀਤ ਸਿੰਘ ਵਲੋਂ ਕੀਤੀ ਉਸਾਰੀ ਨੂੰ ਢਾਹਿਆ ਗਿਆ, ਜਿਸ ਉੱਪਰ ਵੱਖ-ਵੱਖ ਥਾਣਿਆਂ ਵਿਚ 6 ਮੁਕੱਦਮੇ ਦਰਜ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਜੰਗੀ ਪੱਧਰ ’ਤੇ ਕਾਰਵਾਈ ਜਾਰੀ ਹੈ, ਜਿਸ ਤਹਿਤ ਪ੍ਰੀਵੈਨਸ਼ਨ, ਇਨਫੋਰਸਮੈਂਟ ਤੇ ਰੀਹੈਬਲੀਟੇਸ਼ਨ ਦੀ ਤਿੰਨ ਪਰਤੀ ਨੀਤੀ ਉੱਪਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਨਸ਼ੇ ਦੇ ‘ਹਾਟ ਸਪਾਟ’ ਖੇਤਰਾਂ ਦੀ ਤਸਦੀਕ ਕਰਕੇ ਜਿੱਥੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਦੇ ਨਾਲ-ਨਾਲ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਵੈ ਰਜ਼ਗਾਰ ਦੇ ਕਾਬਿਲ ਬਣਾਉਣ ਲਈ ਕਿੱਤਾਮੁਖੀ ਸਿਖਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਉਨਾਂ ਇਹ ਵੀ ਕਿਹਾ ਕਿ ਨਸ਼ੇ ਵਿਰੁੱਧ ਜੰਗ ਦੌਰਾਨ ਪਿਛਲੇ ਇਕ ਮਹੀਨੇ ਵਿਚ 190 ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ 111 ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਨਸ਼ੇ ਵਿਰੁੱਧ ਲੜਾਈ ਵਿਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ ਤੇ ਉਨ੍ਹਾਂ ਦੀ ਪਹਿਚਾਣ ਗੁਪਤ ਰੱਖਦਿਆਂ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਬੀ.ਡੀ.ਪੀ.ਓ. ਮਨਜੀਤ ਕੌਰ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਉੱਪਰ ਪਿੰਡ ਬੂਟ ਵਿਖੇ ਕੀਤੀਆਂ ਨਜ਼ਾਇਜ਼ ਉਸਾਰੀਆਂ ਨੂੰ ਢਾਹੁਣ ਦੇ ਸਤੰਬਰ 2015 ਵਿਚ ਹੁਕਮ ਆਏ ਸਨ, ਜਿਸ ਉਪਰੰਤ ਸਬੰਧਿਤਾਂ ਨੂੰ ਨੋਟਿਸ ਜਾਰੀ ਕਰਕੇ ਨਜ਼ਾਇਜ਼ ਉਸਾਰੀਆਂ ਖਾਲੀ ਕਰਨ ਲਈ ਕਿਹਾ ਗਿਆ ਸੀ, ਜਿਸ ਉੱਪਰ ਸਬੰਧਿਤਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਇਹ ਵੀ ਕਿਹਾ ਕਿ ਪੰਚਾਇਤ ਵਿਭਾਗ ਵਲੋਂ ਪੰਚਾਇਤੀ ਜ਼ਮੀਨ ਉੱਪਰ ਨਜ਼ਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਮੌਕੇ ਐਸ.ਪੀ. ਗੁਰਪ੍ਰੀਤ ਸਿੰਘ ਗਿੱਲ, ਡੀ.ਐਸ.ਪੀ. ਕਰਨੈਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

View in English