ਨਵਾਜ਼ ਸ਼ਰੀਫ਼ ਦੇ ਫਾਰਮ ਹਾਊਸ ‘ਤੇ ਹੋਈ ਗੁਪਤ ਮੀਟਿੰਗ: ਅਸੀਮ ਮੁਨੀਰ ਦਾ ਕਾਰਜਕਾਲ ਵਧਾਉਣ ਅਤੇ ਅਗਲੇ 10 ਸਾਲਾਂ ਦੀ ਯੋਜਨਾ ‘ਤੇ ਚਰਚਾ
ਇਸਲਾਮਾਬਾਦ: ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਫਾਰਮ ਹਾਊਸ ‘ਤੇ ਇੱਕ ਗੁਪਤ ਮੀਟਿੰਗ ਹੋਈ, ਜਿਸ ਵਿੱਚ ਅਗਲੇ 10 ਸਾਲਾਂ ਲਈ ਪਾਕਿਸਤਾਨ ਦੀ ਰਾਜਨੀਤਿਕ ਅਤੇ ਆਰਥਿਕ ਦਿਸ਼ਾ ਤੈਅ ਕਰਨ ਲਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਇਸ ਮੀਟਿੰਗ ਵਿੱਚ ਨਵਾਜ਼ ਸ਼ਰੀਫ਼ ਤੋਂ ਇਲਾਵਾ ਉਨ੍ਹਾਂ ਦੇ ਭਰਾ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਪਾਕਿਸਤਾਨੀ ਫੌਜ ਮੁਖੀ ਜਨਰਲ ਅਸੀਮ ਮੁਨੀਰ ਸ਼ਾਮਲ ਸਨ।
ਮੀਟਿੰਗ ਦਾ ਮੁੱਖ ਉਦੇਸ਼ ਪਾਕਿਸਤਾਨ ਵਿੱਚ ਰਾਜਨੀਤਿਕ ਸਥਿਰਤਾ ਨੂੰ ਯਕੀਨੀ ਬਣਾਉਣਾ ਸੀ ਤਾਂ ਜੋ ਵਿਦੇਸ਼ੀ ਨਿਵੇਸ਼ਕਾਂ, ਖਾਸ ਕਰਕੇ ਅਮਰੀਕਾ, ਚੀਨ ਅਤੇ ਖਾੜੀ ਦੇਸ਼ਾਂ ਤੋਂ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾ ਸਕੇ। ਇਸ ਰਣਨੀਤੀ ਤਹਿਤ ਸਾਰੇ ਲੀਡਰਾਂ ਨੇ ਜਨਰਲ ਮੁਨੀਰ ਦੇ ਕਾਰਜਕਾਲ ਨੂੰ ਵਧਾਉਣ ‘ਤੇ ਸਹਿਮਤੀ ਪ੍ਰਗਟਾਈ।
ਅਸੀਮ ਮੁਨੀਰ ਦੀ ਤਾਕਤ ਵਿੱਚ ਵਾਧਾ
ਰਿਪੋਰਟਾਂ ਅਨੁਸਾਰ, ਅਸੀਮ ਮੁਨੀਰ ਦਾ ਮੌਜੂਦਾ ਤਿੰਨ ਸਾਲ ਦਾ ਕਾਰਜਕਾਲ 28 ਨਵੰਬਰ, 2025 ਨੂੰ ਖਤਮ ਹੋ ਰਿਹਾ ਹੈ। ਪਰ ਹੁਣ ਪਾਕਿਸਤਾਨ ਆਰਮੀ ਐਕਟ 1952 ਵਿੱਚ ਕੀਤੀ ਗਈ ਸੋਧ ਦੇ ਤਹਿਤ ਉਨ੍ਹਾਂ ਨੂੰ ਪੰਜ ਸਾਲ ਦਾ ਹੋਰ ਵਾਧਾ ਦਿੱਤਾ ਜਾ ਸਕਦਾ ਹੈ। ਇਸ ਨਾਲ ਉਨ੍ਹਾਂ ਦੀ ਤਾਕਤ ਵਿੱਚ ਹੋਰ ਵੀ ਵਾਧਾ ਹੋਵੇਗਾ ਅਤੇ ਉਹ ਅਗਲੇ ਕਈ ਸਾਲਾਂ ਤੱਕ ਪਾਕਿਸਤਾਨ ਦੀ ਫੌਜੀ ਲੀਡਰਸ਼ਿਪ ਦੀ ਕਮਾਨ ਸੰਭਾਲਣਗੇ।
ਇਸ ਗੁਪਤ ਮੀਟਿੰਗ ਵਿੱਚ ਫੌਜ ਅਤੇ ਸਿਵਲ ਸਰਕਾਰ ਵਿਚਕਾਰ ਸਹਿਮਤੀ ਨਾਲ ਫੈਸਲੇ ਲੈਣ ਦੇ ਢਾਂਚੇ ਨੂੰ ਵੀ ਪੁਖਤਾ ਕੀਤਾ ਗਿਆ। ਇਸ ਤਹਿਤ ਆਈਐਸਆਈ ਦੇ ਡੀਜੀ, ਡੀਜੀ ਮਿਲਟਰੀ ਇੰਟੈਲੀਜੈਂਸ ਅਤੇ ਡੀਜੀ-ਸੀ ਵਰਗੇ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕੀਤੀਆਂ ਜਾਣਗੀਆਂ। ਇਸ ਮੌਕੇ ਮੌਜੂਦਾ ਆਈਐਸਆਈ ਮੁਖੀ ਲੈਫਟੀਨੈਂਟ ਜਨਰਲ ਅਸੀਮ ਮਲਿਕ ਨੂੰ ਵੀ ਸੇਵਾ ਵਿੱਚ ਵਾਧਾ ਦੇਣ ‘ਤੇ ਚਰਚਾ ਕੀਤੀ ਗਈ, ਕਿਉਂਕਿ ਉਹ ਅਕਤੂਬਰ ਵਿੱਚ ਸੇਵਾਮੁਕਤ ਹੋ ਰਹੇ ਹਨ।
ਇਮਰਾਨ ਖ਼ਾਨ ਬਾਰੇ ਵੀ ਹੋਈ ਚਰਚਾ
ਮੀਟਿੰਗ ਦਾ ਇੱਕ ਹੋਰ ਅਹਿਮ ਪਹਿਲੂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਸਬੰਧਤ ਸੀ। ਹਾਲਾਂਕਿ ਆਮ ਚੋਣਾਂ ਵਿੱਚ ਇਮਰਾਨ ਦੀ ਪਾਰਟੀ ਨੂੰ ਵੱਡਾ ਜਨ ਸਮਰਥਨ ਮਿਲਿਆ ਸੀ, ਪਰ ਫਿਰ ਵੀ ਸ਼ਾਹਬਾਜ਼ ਸ਼ਰੀਫ਼ ਦੀ ਪਾਰਟੀ ਨੇ ਸੱਤਾ ਸੰਭਾਲ ਲਈ। ਇਸ ਮੀਟਿੰਗ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਜੇਲ੍ਹ ਵਿੱਚ ਬੰਦ ਇਮਰਾਨ ਖ਼ਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਿਆਇਤ ਜਾਂ ਰਾਹਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸ਼ਰੀਫ਼ ਪਰਿਵਾਰ ਅਤੇ ਫੌਜੀ ਲੀਡਰਸ਼ਿਪ ਵਿਚਕਾਰ ਇਮਰਾਨ ਖ਼ਾਨ ਪ੍ਰਤੀ ਇੱਕ ਸਾਂਝੀ ਸਖ਼ਤ ਨੀਤੀ ਅਪਣਾਈ ਗਈ ਹੈ।