View in English:
March 31, 2025 11:29 am

ਨਗਰ ਨਿਗਮ ਤੇ ਸਿਹਤ ਵਿਭਾਗ ਦੀ ਟੀਮ ਨੇ ਗ਼ੈਰਮਿਆਰੀ ਪਨੀਰ ਉਤਪਾਦਨ ‘ਤੇ ਸ਼ਿਕੰਜਾ ਕੱਸਿਆ

ਫੈਕਟ ਸਮਾਚਾਰ ਸੇਵਾ

ਪਟਿਆਲਾ, ਮਾਰਚ 27

ਗ਼ੈਰ ਮਿਅਰੀ ਅਤੇ ਗੰਦਗੀ ਭਰੇ ਵਾਤਾਵਰਣ ਵਿੱਚ ਪਨੀਰ ਦੇ ਉਤਪਾਦਨ ਸੰਬੰਧੀ ਇੱਕ ਸ਼ਿਕਾਇਤ (ਪੱਤਰ ਨੰਬਰ 1236/ਐਮਓਆਰ) ‘ਤੇ ਕਾਰਵਾਈ ਕਰਦਿਆਂ, ਨਗਰ ਨਿਗਮ, ਪਟਿਆਲਾ ਦੀ ਸਿਹਤ ਸ਼ਾਖਾ ਨੇ ਡਾ. ਨਵਿੰਦਰ ਸਿੰਘ ਦੀ ਅਗਵਾਈ ਵਿੱਚ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਨਾਲ ਲੈ ਕੇ ਗਲੀ ਨੰਬਰ 3, ਝਿਲ ਐਵੇਨਿਊ ਵਿਖੇ ਸਥਿਤ ਪਰਮਜੀਤ ਸਿੰਘ ਦੀ ਮਲਕੀਅਤ ਵਾਲੀ ਇਮਾਰਤ ਦਾ ਅਚਾਨਕ ਨਿਰੀਖਣ ਕੀਤਾ। ਟੀਮ ਨੇ ਬਣਾਏ ਜਾ ਰਹੇ ਗ਼ੈਰ ਮਿਆਰੀ ਪਨੀਰ ਦੇ ਸੈਂਪਲ ਭਰੇ ਅਤੇ ਭੋਜਨ ਪਦਾਰਥਾਂ ਨੂੰ ਸਾਫ-ਸੁਥਰੇ ਵਾਤਾਵਰਣ ਵਿੱਚ ਬਣਾਉਣ ਦੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ਬਾਬਤ ਸਖ਼ਤ ਕਾਰਵਾਈ ਕੀਤੀ।

ਡਾ. ਨਵਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਿਰਦੇਸ਼ਾਂ ਹੇਠ, ਮਿਆਰੀ ਭੋਜਨ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਭੋਜਨ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਨਿਯਮਤ ਅਚਾਨਕ ਨਿਰੀਖਣ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਭੋਜਨ ਵਿੱਚ ਮਿਲਾਵਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸ ਨਿਰੀਖਣ ਦੌਰਾਨ, ਇਮਾਰਤ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ, ਜਿਸ ਵਿੱਚ ਫੋਟੋਗ੍ਰਾਫਿਕ ਸਬੂਤ ਇਕੱਠੇ ਕੀਤੇ ਗਏ ਅਤੇ ਜ਼ਿਲ੍ਹਾ ਸਿਹਤ ਟੀਮ ਦੁਆਰਾ ਪਨੀਰ ਦੇ ਨਮੂਨੇ ਅਗਲੇਰੀ ਜਾਂਚ ਲਈ ਲਏ ਗਏ ਹਨ। ਇਸ ਤੋਂ ਬਿਨ੍ਹਾਂ ਨਗਰ ਨਿਗਮ ਦੀ ਸਿਹਤ ਸ਼ਾਖਾ ਨੇ ਇਸ ਫੈਕਟਰੀ ਦੇ ਮਾਲਕ ਦਾ ਵਪਾਰ ਲਾਇਸੈਂਸ, ਪ੍ਰਦੂਸ਼ਣ ਅਤੇ ਜਨਤਕ ਪਰੇਸ਼ਾਨੀ ਨਾਲ ਸਬੰਧਤ ਉਲੰਘਣਾ ਲਈ ਚਲਾਨ ਵੀ ਕੱਟਿਆ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਕੱਤਰ ਕੀਤੇ ਗਏ ਨਮੂਨਿਆਂ ਨੂੰ ਵਿਸਤ੍ਰਿਤ ਵਿਸ਼ਲੇਸ਼ਣ ਲਈ ਖਰੜ ਸਥਿਤ ਰਸਾਇਣਕ ਪ੍ਰਯੋਗਸ਼ਾਲਾ ਵਿੱਚ ਭੇਜਿਆ ਜਾਵੇਗਾ, ਅਤੇ ਪ੍ਰਯੋਗਸ਼ਾਲਾ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਸਿਹਤ ਅਧਿਕਾਰੀਆਂ ਨੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਜਿਹੀਆਂ ਗਲਤੀਆਂ ਵਿਰੁੱਧ ਚੇਤਾਵਨੀ ਦਿੱਤੀ ਕਿ ਜਨਤਕ ਸਿਹਤ ਨੂੰ ਖਤਰੇ ਵਿੱਚ ਪਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਇਸ ਲਈ ਕੋਈ ਵੀ ਭੋਜਨ ਪਦਾਰਥਾਂ ਨੂੰ ਗ਼ੈਰ ਮਿਆਰੀ ਵਾਤਾਵਰਣ ਵਿੱਚ ਤਿਆਰ ਨਾ ਕੀਤਾ ਜਾਵੇ ਤੇ ਸਾਰੇ ਸਿਹਤ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕੀਮਤ ਉਪਰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।

Leave a Reply

Your email address will not be published. Required fields are marked *

View in English