ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਨਵੰਬਰ 13
ਰਾਜਧਾਨੀ ਦਿੱਲੀ-ਐੱਨਸੀਆਰ ਸਮੇਤ ਉੱਤਰ ਭਾਰਤ ਦੇ ਸ਼ਹਿਰਾਂ ਅੱਜ ਸਵੇਰੇ ਮੌਸਮ ਦੀ ਪਹਿਲੀ ਧੁੰਦ ਦੇਖਣ ਨੂੰ ਮਿਲੀ। ਜਿਸ ਕਾਰਨ ਵਿਜ਼ੀਬਿਲਟੀ ਕਾਫੀ ਪ੍ਰਭਾਵਿਤ ਹੋਈ। ਦਿੱਲੀ ‘ਚ ਪ੍ਰਦੂਸ਼ਣ ਕਾਰਨ ਧੁੰਦ ਦੀ ਪਤਲੀ ਪਰਤ ਦੇਖਣ ਨੂੰ ਮਿਲੀ। ਜਿਸ ਕਾਰਨ ਵਿਜ਼ੀਬਿਲਟੀ 100 ਮੀਟਰ ਤੱਕ ਪਹੁੰਚ ਗਈ ਹੈ। ਇਸ ਨਾਲ ਸੜਕੀ ਅਤੇ ਹਵਾਈ ਮਾਰਗ ਦੋਵੇਂ ਪ੍ਰਭਾਵਿਤ ਹੋਏ ਹਨ। ਉੱਤਰੀ ਭਾਰਤ ਵਿੱਚ ਧੁੰਦ ਅਤੇ ਧੂੰਏ ਦਾ ਸੁਮੇਲ ਦੇਖਿਆ ਜਾ ਰਿਹਾ ਹੈ।
ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਬੀਤੀ ਸ਼ਾਮ 7 ਵਜੇ 900 ਮੀਟਰ ਤੋਂ ਘਟ ਕੇ ਰਾਤ 11:30 ਵਜੇ 300 ਮੀਟਰ ਰਹਿ ਗਈ। ਦੂਜੇ ਪਾਸੇ ਦੂਜੇ ਰਾਜਾਂ ਵਿੱਚ ਵੀ ਵਿਜ਼ੀਬਿਲਟੀ ਪ੍ਰਭਾਵਿਤ ਹੋਈ। ਵੱਖ-ਵੱਖ ਹਵਾਈ ਅੱਡਿਆਂ ‘ਤੇ ਵਿਜ਼ੀਬਿਲਟੀ 1000 ਮੀਟਰ ਤੋਂ ਹੇਠਾਂ ਰਿਕਾਰਡ ਕੀਤੀ ਗਈ। ਰਾਜਧਾਨੀ ਦਿੱਲੀ ਵਿੱਚ ਹਵਾ ਦੀ ਦਿਸ਼ਾ ਅਤੇ ਰਫ਼ਤਾਰ ਵਿੱਚ ਤਬਦੀਲੀ ਕਾਰਨ ਮੌਸਮ ਵਿੱਚ ਕੁਝ ਸੁਧਾਰ ਹੋਇਆ ਹੈ ਪਰ ਦਿੱਲੀ-ਐਨਸੀਆਰ ਵਿੱਚ ਧੁੰਦ ਹੈ। ਅਬਾਦੀ ਵਾਲੇ ਇਲਾਕਿਆਂ ਦੇ ਨਾਲ-ਨਾਲ ਖੁੱਲ੍ਹੇ ਇਲਾਕਿਆਂ ਵਿੱਚ ਵੀ ਧੁੰਦ ਦੀ ਚਾਦਰ ਸੰਘਣੀ ਹੋ ਗਈ ਹੈ। ਮੌਸਮ ਠੰਢਾ ਹੋ ਗਿਆ ਹੈ। ਪਾਲਮ ਹਵਾਈ ਅੱਡੇ ‘ਤੇ ਸਵੇਰੇ 6 ਵਜੇ ਵਿਜ਼ੀਬਿਲਟੀ 100 ਮੀਟਰ ਤੋਂ ਘੱਟ ਸੀ। ਅੱਜ ਸਵੇਰੇ ਗੁਰੂਗ੍ਰਾਮ ‘ਚ ਹਵਾ ਦੀ ਗੁਣਵੱਤਾ ਲਗਾਤਾਰ ਖਰਾਬ ਹੋਣ ਕਾਰਨ ਸ਼ਹਿਰ ‘ਚ ਧੂੰਏਂ ਦੀ ਸੰਘਣੀ ਪਰਤ ਛਾਈ ਹੋਈ ਹੈ। ਅਜਿਹਾ ਹੀ ਨਜ਼ਾਰਾ ਗ੍ਰੇਟਰ ਨੋਇਡਾ ‘ਚ ਵੀ ਦੇਖਣ ਨੂੰ ਮਿਲਿਆ।