ਫੈਕਟ ਸਮਾਚਾਰ ਸੇਵਾ
ਸਿਓਲ , ਦਸੰਬਰ 29
ਦੱਖਣੀ ਕੋਰੀਆ ਵਿੱਚ ਅੱਜ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ। ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਇਸ ਹਾਦਸੇ ‘ਚ 179 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਅਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਥਾਈਲੈਂਡ ਤੋਂ ਵਾਪਸ ਆ ਰਿਹਾ ਸੀ। ਜਹਾਜ਼ ਦੱਖਣੀ ਕੋਰੀਆ ਦੇ ਮੁਆਨ ਹਵਾਈ ਅੱਡੇ ‘ਤੇ ਉਤਰ ਰਿਹਾ ਸੀ। ਇਸ ਦੌਰਾਨ ਉਹ ਰਨਵੇ ‘ਤੇ ਫਿਸਲ ਗਿਆ ਅਤੇ ਇਕ ਕੰਧ ਨਾਲ ਟਕਰਾ ਗਿਆ। ਇਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਹੁਣ ਤਕ 179 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਹੋਰ ਵਧ ਸਕਦਾ ਹੈ। ਇਸ ਹਾਦਸੇ ‘ਚ ਕਈ ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜੇਜੂ ਏਅਰਲਾਈਨਜ਼ ਦੀ ਫਲਾਈਟ 2216 ਥਾਈਲੈਂਡ ਤੋਂ ਵਾਪਸ ਆ ਰਹੀ ਸੀ। ਸਥਾਨਕ ਅਧਿਕਾਰੀਆਂ ਮੁਤਾਬਕ ਹੁਣ ਤਕ ਦੋ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਜਹਾਜ਼ ਦੇ ਪਿਛਲੇ ਹਿੱਸੇ ਤੋਂ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਹਾਜ਼ ਵਿੱਚ ਕੁੱਲ 181 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 175 ਯਾਤਰੀ ਅਤੇ ਛੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਸਨ।
ਹਾਦਸੇ ਵਾਲੀ ਥਾਂ ਤੋਂ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਦਸਾ ਸੰਭਵ ਤੌਰ ‘ਤੇ ਪੰਛੀਆਂ ਦੇ ਟਕਰਾਉਣ ਕਾਰਨ ਵਾਪਰਿਆ ਹੈ, ਜਿਸ ਕਾਰਨ ਲੈਂਡਿੰਗ ਸਮੇਂ ਗੇਅਰ ‘ਚ ਤਕਨੀਕੀ ਖਰਾਬੀ ਆ ਗਈ ਸੀ। ਨੈਸ਼ਨਲ ਫਾਇਰ ਏਜੰਸੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲੱਗੀ ਅੱਗ ਲਗਪਗ ਬੁਝ ਗਈ ਹੈ।