ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜਨਵਰੀ 9
ਪੱਛਮੀ ਬੰਗਾਲ ਵਿੱਚ ED ਦੀ ਕਾਰਵਾਈ ਨੂੰ ਲੈ ਕੇ ਚੱਲ ਰਹੇ ਹੰਗਾਮੇ ਦਰਮਿਆਨ ਅੱਜ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਿੱਲੀ ਸਥਿਤ ਦਫ਼ਤਰ ਦੇ ਬਾਹਰ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨ ਪਹੁੰਚ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਉੱਥੋਂ ਸਾਰਿਆਂ ਨੂੰ ਹਟਾ ਦਿੱਤਾ। ਇਸ ਦੌਰਾਨ ਮਹੂਆ ਮੋਇਤਰਾ ਅਤੇ ਡੇਰੇਕ ਓ’ਬ੍ਰਾਇਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਪ੍ਰਦਰਸ਼ਨ ਵਿੱਚ ਡੇਰੇਕ ਓ’ਬ੍ਰਾਇਨ, ਸ਼ਤਾਬਦੀ ਰਾਏ, ਮਹੂਆ ਮੋਇਤਰਾ ਅਤੇ ਕੀਰਤੀ ਆਜ਼ਾਦ ਵਰਗੇ ਪ੍ਰਮੁੱਖ ਸੰਸਦ ਮੈਂਬਰ ਸ਼ਾਮਲ ਹਨ। TMC ਸੰਸਦ ਮੈਂਬਰ ਕੋਲਕਾਤਾ ਵਿੱਚ ਆਈ-ਪੈਕ ਦਫ਼ਤਰਾਂ ਅਤੇ ਇਸ ਦੇ ਸਹਿ-ਸੰਸਥਾਪਕ ਪ੍ਰਤੀਕ ਜੈਨ ਦੇ ਨਿਵਾਸ ‘ਤੇ ED ਵੱਲੋਂ ਮਾਰੇ ਗਏ ਛਾਪਿਆਂ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਹਨ।
TMC ਸੰਸਦ ਮੈਂਬਰ ਸ਼ਤਾਬਦੀ ਰਾਏ ਨੇ ਕਿਹਾ ਕਿ “ਕੱਲ੍ਹ ED ਦੀ ਟੀਮ ਭੇਜੀ ਗਈ। ਉਨ੍ਹਾਂ ਨੂੰ ਚੋਣਾਂ ਦੇ ਸਮੇਂ ਹੀ ਸਭ ਕੁਝ ਯਾਦ ਆਉਂਦਾ ਹੈ। ਉਹ ਸਿਰਫ਼ ਜਿੱਤਣ ਲਈ ਚੋਣਾਂ ਦੌਰਾਨ ED ਅਤੇ CBI ਦੀਆਂ ਟੀਮਾਂ ਭੇਜਦੇ ਹਨ, ਪਰ ਉਹ ਚੋਣਾਂ ਨਹੀਂ ਜਿੱਤਣਗੇ।”
ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ ਕੋਲਾ ਤਸਕਰੀ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਬੰਗਾਲ ਅਤੇ ਦਿੱਲੀ ਦੇ 10 ਟਿਕਾਣਿਆਂ ‘ਤੇ ਵਿਆਪਕ ਛਾਪੇਮਾਰੀ ਕੀਤੀ। ਇਸ ਦੌਰਾਨ ED ਨੇ ਦੋਸ਼ ਲਾਇਆ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਚੋਣ ਸਲਾਹਕਾਰ I-PAC ਦੇ ਮੁਖੀ ਪ੍ਰਤੀਕ ਜੈਨ ਦੇ ਘਰ ਛਾਪੇਮਾਰੀ ਦੌਰਾਨ ਇੱਕ ਲੈਪਟਾਪ, ਫ਼ੋਨ ਅਤੇ ਕਈ ਦਸਤਾਵੇਜ਼ ਆਪਣੇ ਨਾਲ ਲੈ ਗਏ ਹਨ।
ਮਮਤਾ ਬੈਨਰਜੀ ਦਾ ਦਾਅਵਾ ਹੈ ਕਿ ਇਹ ਛਾਪੇਮਾਰੀ ਸਿਆਸੀ ਮਕਸਦ ਨਾਲ ਕੀਤੀ ਗਈ ਸੀ, ਜਦਕਿ ED ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਕਿਸੇ ਵੀ ਸਿਆਸੀ ਸੰਗਠਨ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤਾ ਗਿਆ ਸੀ। ਹੁਣ ED ਨੇ ਬੰਗਾਲ ਦੀ ਮੁੱਖ ਮੰਤਰੀ ‘ਤੇ ਜਾਂਚ ਵਿੱਚ ਵਿਘਨ ਪਾਉਣ ਅਤੇ ਮਹੱਤਵਪੂਰਨ ਸਬੂਤ ਜ਼ਬਰਦਸਤੀ ਲੈ ਜਾਣ ਦਾ ਗੰਭੀਰ ਦੋਸ਼ ਲਾਇਆ ਹੈ। ਇਸੇ ਦੌਰਾਨ ਅੱਜ TMC ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।







