ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 4
ਕੇਰਲ ਦੇ ਤ੍ਰਿਸ਼ੂਰ ਰੇਲਵੇ ਸਟੇਸ਼ਨ ‘ਤੇ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਸਟੇਸ਼ਨ ਦੇ ਨੇੜੇ ਬਣੀ ਪਾਰਕਿੰਗ ਵਿੱਚ ਖੜ੍ਹੀਆਂ 200 ਤੋਂ ਵੱਧ ਦੋ-ਪਹੀਆ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਇਹ ਘਟਨਾ ਪਲੇਟਫਾਰਮ ਨੰਬਰ 2 ਦੇ ਨੇੜੇ ਬਣੇ ਟੂ-ਵ੍ਹੀਲਰ ਪਾਰਕਿੰਗ ਏਰੀਆ ਵਿੱਚ ਵਾਪਰੀ, ਜਿਸ ਕਾਰਨ ਮੁਸਾਫ਼ਰਾਂ ਅਤੇ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਜਾਣਕਾਰੀ ਸਵੇਰੇ ਕਰੀਬ 6.45 ਵਜੇ ਮਿਲੀ। ਅੱਗ ਦੀਆਂ ਲਪਟਾਂ ਨੇ ਤੇਜ਼ੀ ਨਾਲ ਪਾਰਕਿੰਗ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇੱਥੇ ਰੋਜ਼ਾਨਾ ਆਮ ਤੌਰ ‘ਤੇ 500 ਤੋਂ ਵੱਧ ਮੋਟਰਸਾਈਕਲ ਅਤੇ ਸਕੂਟਰ ਖੜ੍ਹੇ ਹੁੰਦੇ ਹਨ। ਗੱਡੀਆਂ ਵਿੱਚ ਮੌਜੂਦ ਤੇਲ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਉਸ ਦੀ ਤੀਬਰਤਾ ਵੱਧ ਗਈ, ਜਿਸ ਨਾਲ ਕੁਝ ਹੀ ਮਿੰਟਾਂ ਵਿੱਚ ਭਾਰੀ ਨੁਕਸਾਨ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ‘ਫਾਇਰ ਐਂਡ ਰੈਸਕਿਊ ਸਰਵਿਸ’ ਦੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ।







