ਫੈਕਟ ਸਮਾਚਾਰ ਸੇਵਾ
ਸ਼ਿਜਾਂਗ , ਜਨਵਰੀ 7
ਤਿੱਬਤ ‘ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਜ਼ਬਰਦਸਤ ਭੂਚਾਲ ਵਿੱਚ 32 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ 38 ਲੋਕ ਜ਼ਖਮੀ ਹੋਏ ਹਨ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐਨ.ਸੀ.) ਮੁਤਾਬਕ ਅੱਜ ਸਵੇਰੇ 9:05 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.8 ਮਾਪੀ ਗਈ।
ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਤਿੱਬਤ ਦੇ ਸ਼ਿਜਾਂਗ ਸ਼ਹਿਰ ਦੀ ਡਿਂਗਰੀ ਕਾਊਂਟੀ ‘ਚ 6.8 ਤੀਬਰਤਾ ਵਾਲੇ ਭੂਚਾਲ ‘ਚ 32 ਲੋਕਾਂ ਦੀ ਮੌਤ ਹੋ ਗਈ ਹੈ। 38 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਭੂਚਾਲ ਦਾ ਕੇਂਦਰ 28.5 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 87.45 ਡਿਗਰੀ ਪੂਰਬੀ ਦੇਸ਼ਾਂਤਰ ‘ਤੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਇਸ ਤੋਂ ਪਹਿਲਾਂ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਤਿੱਬਤ ਖੇਤਰ ਦੇ ਸ਼ਿਜਾਂਗ ‘ਚ ਮੰਗਲਵਾਰ ਸਵੇਰ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇੱਥੇ ਸਵੇਰੇ 6:30 ਵਜੇ 10 ਕਿਲੋਮੀਟਰ ਦੀ ਡੂੰਘਾਈ ‘ਤੇ 7.1 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਤੋਂ ਬਾਅਦ 7:02 ‘ਤੇ 4.7 ਤੀਬਰਤਾ ਦੇ ਭੂਚਾਲ, 07:07 ‘ਤੇ 4.9 ਤੀਬਰਤਾ ਦੇ ਅਤੇ 7:13 ‘ਤੇ ਪੰਜ ਤੀਬਰਤਾ ਦੇ ਭੂਚਾਲ ਆਏ। ਇਸ ਕਾਰਨ ਲੋਕ ਆਪਣੇ ਘਰ ਛੱਡ ਕੇ ਖੁੱਲ੍ਹੀਆਂ ਥਾਵਾਂ ਵੱਲ ਚਲੇ ਗਏ।