View in English:
January 9, 2025 8:53 pm

ਤਿਰੂਪਤੀ ਮੰਦਰ ‘ਚ ਟੋਕਨ ਲੈਣ ਸਮੇਂ ਮਚੀ ਭਗਦੜ

6 ਸ਼ਰਧਾਲੂਆਂ ਦੀ ਮੌਤ; ਕਈ ਜ਼ਖਮੀ
ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ‘ਚ ਬੁੱਧਵਾਰ ਨੂੰ ਵੈਕੁੰਠ ਦੁਆਰ ਦੇ ਦਰਸ਼ਨਾਂ ਲਈ ਟੋਕਨ ਲੈਣ ਦੀ ਕੋਸ਼ਿਸ਼ ਦੌਰਾਨ ਮਚੀ ਭਗਦੜ ‘ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਘਟਨਾ ਤਿਰੂਪਤੀ ਦੇ ਵਿਸ਼ਨੂੰ ਨਿਵਾਸ ਅਤੇ ਰਾਮਨਾਇਡੂ ਸਕੂਲ ਖੇਤਰ ਦੇ ਕੋਲ ਵਾਪਰੀ। ਕਈ ਗੰਭੀਰ ਜ਼ਖਮੀਆਂ ਨੂੰ ਰੂਈਆ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭਗਦੜ ਦੀ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਟੋਕਨ ਲੈਣ ਲਈ ਇਕੱਠੇ ਹੋਏ ਸਨ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਤਿਰੂਪਤੀ ਮੰਦਰ ਕੰਪਲੈਕਸ ‘ਚ ਭਗਦੜ ਦੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਫ਼ਤਰ ਨੇ ਕਿਹਾ, “ਮੁੱਖ ਮੰਤਰੀ ਨੇ ਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਦੇ ਇਲਾਜ ਬਾਰੇ ਅਧਿਕਾਰੀਆਂ ਨਾਲ ਫ਼ੋਨ ‘ਤੇ ਗੱਲ ਕੀਤੀ ਹੈ।” ਮੁੱਖ ਮੰਤਰੀ ਸਮੇਂ-ਸਮੇਂ ‘ਤੇ ਜ਼ਿਲ੍ਹਾ ਅਤੇ ਟੀਟੀਡੀ ਅਧਿਕਾਰੀਆਂ ਨਾਲ ਗੱਲ ਕਰਕੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈ ਰਹੇ ਹਨ। ਮੁੱਖ ਮੰਤਰੀ ਨੇ ਉੱਚ ਅਧਿਕਾਰੀਆਂ ਨੂੰ ਮੌਕੇ ‘ਤੇ ਜਾਣ ਦੇ ਹੁਕਮ ਦਿੱਤੇ ਹਨ।

ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਵੀਡੀਓਜ਼ ‘ਚ ਭਗਦੜ ਵਰਗੀ ਸਥਿਤੀ ਦੇਖੀ ਜਾ ਸਕਦੀ ਹੈ। ਘਟਨਾ ਤੋਂ ਤੁਰੰਤ ਬਾਅਦ ਐਂਬੂਲੈਂਸ ਜ਼ਖਮੀਆਂ ਨੂੰ ਲੈ ਕੇ ਹਸਪਤਾਲ ਲਈ ਰਵਾਨਾ ਹੋ ਗਈ। ਵੀਡੀਓ ‘ਚ ਕਈ ਸ਼ਰਧਾਲੂ ਜ਼ਮੀਨ ‘ਤੇ ਪਏ ਵੀ ਨਜ਼ਰ ਆ ਰਹੇ ਹਨ। ਪੁਲਿਸ ਵਾਲੇ ਅਤੇ ਹੋਰ ਵੀ ਉਸਨੂੰ ਸੀਪੀਆਰ ਦਿੰਦੇ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਕੁਝ ਸ਼ਰਧਾਲੂਆਂ ਨੂੰ ਕੁਰਸੀਆਂ ‘ਤੇ ਬਿਠਾ ਕੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਵੈਕੁੰਠ ਦੁਆਰ ਦਰਸ਼ਨ ਨੂੰ ਦਸ ਦਿਨਾਂ ਲਈ ਖੋਲ੍ਹਿਆ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂ ਇਕੱਠੇ ਹੋ ਗਏ ਅਤੇ ਭਗਦੜ ਮੱਚ ਗਈ। ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਨੇ 10 ਜਨਵਰੀ ਨੂੰ ਸ਼ੁਭ ਵੈਕੁੰਠ ਇਕਾਦਸ਼ੀ ਦੇ ਮੱਦੇਨਜ਼ਰ ਟੋਕਨਾਂ ਲਈ ਅਲੀਪਿਰੀ, ਸ਼੍ਰੀਨਿਵਾਸਪੁਰਮ ਅਤੇ ਹੋਰ ਖੇਤਰਾਂ ਵਿੱਚ ਨੌਂ ਕੇਂਦਰਾਂ ਵਿੱਚ 94 ਕਾਊਂਟਰ ਖੋਲ੍ਹੇ ਸਨ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈੱਡੀ ਨੇ ਵੀ ਭਗਦੜ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਜ਼ਖਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਮੌਕੇ ’ਤੇ ਹੀ ਸਥਿਤੀ ਨੂੰ ਸੁਧਾਰਨ ਲਈ ਜੰਗੀ ਪੱਧਰ ’ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਵੈਕੁੰਠਦੁਆਰ ਸਰਵਦਰਸ਼ਨ ਟੋਕਨ ਇਸ ਮਹੀਨੇ ਦੀ 10, 11 ਅਤੇ 12 ਤਰੀਕ ਨੂੰ ਜਾਰੀ ਕੀਤੇ ਜਾ ਰਹੇ ਹਨ। ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਨੇ ਘੋਸ਼ਣਾ ਕੀਤੀ ਹੈ ਕਿ ਵੀਰਵਾਰ ਨੂੰ ਸਵੇਰੇ 5 ਵਜੇ ਤੋਂ ਟੋਕਨ ਜਾਰੀ ਕੀਤੇ ਜਾਣਗੇ। ਇਸ ਦੇ ਲਈ ਬੁੱਧਵਾਰ ਸ਼ਾਮ ਤੋਂ ਹੀ ਟੋਕਨ ਜਾਰੀ ਕਰਨ ਵਾਲੇ ਕੇਂਦਰਾਂ ‘ਤੇ ਸ਼ਰਧਾਲੂਆਂ ਦੀ ਕਤਾਰ ਲੱਗੀ ਹੋਈ ਸੀ।

ਟੀਟੀਡੀ ਅਧਿਕਾਰੀ 40,000 ਪ੍ਰਤੀ ਦਿਨ ਦੀ ਦਰ ਨਾਲ ਤਿੰਨ ਦਿਨਾਂ ਵਿੱਚ 1.2 ਲੱਖ ਟੋਕਨ ਜਾਰੀ ਕਰਨਗੇ। ਇਸ ਦੇ ਨਾਲ ਹੀ ਵੈਕੁੰਠ ਦੁਆਰ ਵਿਖੇ ਸਰਵ ਦਰਸ਼ਨ ਟੋਕਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ ਹੈ। ਟੋਕਨ ਸ਼੍ਰੀਨਿਵਾਸਮ, ਵਿਸ਼ਨੂੰ ਨਿਵਾਸਮ, ਰਾਮਚੰਦਰ ਪੁਸ਼ਕਰਨੀ, ਅਲੀਪਿਰੀ ਭੂਦੇਵੀ ਕੰਪਲੈਕਸ, ਏਮਾਰ ਪੱਲੀ ਜ਼ੈੱਡਪੀ ਹਾਈ ਸਕੂਲ, ਬੈਰਾਗੀਪੱਟਦਾ ਰਮਨਾਇਡੂ ਹਾਈ ਸਕੂਲ, ਸਤਿਆਨਾਰਾਇਣ ਪੁਰਮ ਜ਼ੈੱਡਪੀ ਹਾਈ ਸਕੂਲ ਅਤੇ ਇੰਦਰਾ ਮੈਦਾਨ ਵਿੱਚ ਜਾਰੀ ਕੀਤੇ ਜਾਣਗੇ।

Leave a Reply

Your email address will not be published. Required fields are marked *

View in English