ਫੈਕਟ ਸਮਾਚਾਰ ਸੇਵਾ
ਵਾਸ਼ਿੰਗਟਨ , ਦਸੰਬਰ 10
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੀਮ ‘ਚ ਭਾਰਤੀ ਮੂਲ ਦੇ ਲੋਕਾਂ ਦਾ ਰੁਤਬਾ ਵਧਦਾ ਜਾ ਰਿਹਾ ਹੈ। ਹੁਣ ਟਰੰਪ ਨੇ ਆਪਣੀ ਨਵੀਂ ਕੈਬਨਿਟ ਵਿੱਚ ਇੱਕ ਹੋਰ ਭਾਰਤੀ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਟਰੰਪ ਨੇ ਭਾਰਤੀ-ਅਮਰੀਕੀ ਵਕੀਲ ਹਰਮੀਤ ਕੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਨਾਗਰਿਕ ਅਧਿਕਾਰਾਂ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ।
ਡੋਨਾਲਡ ਟਰੰਪ ਨੇ ਇਸ ਸਬੰਧੀ ਇਕ ਪੋਸਟ ਵੀ ਲਿਖੀ। ਉਨ੍ਹਾਂ ਨੇ ਕਿਹਾ ‘ਮੈਂ ਹਰਮੀਤ ਕੇ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ ਹਾਂ। ਆਪਣੇ ਪੂਰੇ ਕਰੀਅਰ ਦੌਰਾਨ ਹਰਮੀਤ ਸਾਡੀਆਂ ਪਿਆਰੀਆਂ ਨਾਗਰਿਕ ਸੁਤੰਤਰਤਾਵਾਂ ਦੀ ਰੱਖਿਆ ਲਈ ਲਗਾਤਾਰ ਖੜ੍ਹੀ ਰਹੀ ਹੈ। ਹਰਮੀਤ ਅਮਰੀਕਾ ਦੇ ਚੋਟੀ ਦੇ ਵਕੀਲਾਂ ਵਿੱਚੋਂ ਇੱਕ ਹੈ। ਉਹ ਡਾਰਟਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਲਾਅ ਸਕੂਲ ਦਾ ਗ੍ਰੈਜੂਏਟ ਹੈ।
ਡੋਨਾਲਡ ਟਰੰਪ ਨੇ ਅੱਗੇ ਕਿਹਾ ਕਿ ਹਰਮੀਤ ਸਿੱਖ ਭਾਈਚਾਰੇ ਦੀ ਸਤਿਕਾਰਤ ਮੈਂਬਰ ਹੈ। ਨਿਆਂ ਵਿਭਾਗ ਵਿਖੇ, ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਅਣਥੱਕ ਰਖਵਾਲੀ ਹੋਵੇਗੀ ਅਤੇ ਸਾਡੇ ਨਾਗਰਿਕ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖ ਅਤੇ ਜ਼ੋਰਦਾਰ ਢੰਗ ਨਾਲ ਲਾਗੂ ਕਰੇਗੀ।