View in English:
May 8, 2025 10:32 am

ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਵੱਲੋਂ ਰਾਜਿੰਦਰਾ ਲੇਕ ਦਾ ਦੌਰਾ

ਫੈਕਟ ਸਮਾਚਾਰ ਸੇਵਾ

ਪਟਿਆਲਾ, ਮਈ 6

ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ, ਸਾਡੇ ਭਵਿੱਖ ਪਾਣੀ ਦੇ ਜ਼ਿਲ੍ਹੇ ਅੰਦਰਲੇ ਸਾਰੇ ਸਰੋਤਾਂ, ਨਦੀਆਂ, ਨਾਲਿਆਂ, ਨਹਿਰਾਂ, ਰਜਬਾਹਿਆਂ ਤੇ ਡਰੇਨਾਂ ਦੀ ਸੰਭਾਲ ਤੇ ਸਾਫ਼ ਸਫ਼ਾਈ ਲਈ ਵਚਨਬੱਧ ਹੈ। ਇਸ ਲਈ ਵੱਖ-ਵੱਖ ਵਿਭਾਗਾਂ ਵੱਲੋਂ ਆਪਸੀ ਤਾਲਮੇਲ ਨਾਲ ਰਾਜਿੰਦਰਾ ਲੇਕ ਸਮੇਤ ਛੋਟੀ ਨਦੀ ਤੇ ਵੱਡੀ ਨਦੀ ਅਤੇ ਪਿੰਡਾਂ ਵਿੱਚ ਛੱਪੜਾਂ ਦੀ ਸਾਫ਼-ਸਫ਼ਾਈ ਤੇ ਨਵੀਨੀਕਰਨ ਦੇ ਕੰਮ ਮੁਕੰਮਲ ਕਰਨ ਦਾ ਤਹੱਈਆ ਕੀਤਾ ਗਿਆ ਹੈ।
ਇਸੇ ਤਹਿਤ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਸਮੇਤ ਲੋਕ ਨਿਰਮਾਣ, ਡਰੇਨੇਜ, ਮੱਛੀ ਪਾਲਣ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਰਾਜਿੰਦਰਾ ਲੇਕ ਦਾ ਦੌਰਾ ਕਰਕੇ ਇਸਦਾ ਪਿਛਲੇ ਸਾਲਾਂ ਤੋਂ ਲਮਕਿਆ ਕੰਮ ਮੁੜ ਸ਼ੁਰੂ ਕਰਨ ਲਈ ਟੈਂਡਰ ਲਗਾਉਣ ਦੀ ਪ੍ਰਕ੍ਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਾਣੀ ਦੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਯਤਨਸ਼ੀਲ ਹੈ, ਜਿਸ ਲਈ ਵੱਡੀ ਨਦੀ ਤੇ ਛੋਟੀ ਨਦੀ ਦਾ ਕੰਮ ਵੀ ਅੰਤਿਮ ਪੜਾਅ ਹੇਠ ਹੈ ਤੇ ਇਸ ਦਾ ਕੰਮ ਕੇਂਦਰ ਸਰਕਾਰ ਤੋਂ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੀ ਐਨ.ਓ.ਸੀ. ਆਉਣ ਉਪਰੰਤ ਬੀੜ ਖੇਤਰ ਵਿੱਚ ਲਾਇਨਿੰਗ ਬੰਨ੍ਹੇ ਪੱਕੇ ਕਰਨ ਦਾ ਕੰਮ ਮੁਕੰਮਲ ਕਰਕੇ ਇਹ ਪ੍ਰਾਜੈਕਟ ਵੀ ਚਾਲੂ ਕਰ ਦਿਤਾ ਜਾਵੇਗਾ ਕਿਉਂਕਿ ਬਾਕੀ ਕੰਮ ਮੁਕੰਮਲ ਹਨ। ਜਦੋਂਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ 1204 ਛੱਪੜਾਂ ਦੀ ਮਗਨਰੇਗਾ ਰਾਹੀਂ ਸਫ਼ਾਈ ਤੇ ਡੀ-ਵਾਟਰਿੰਗ ਦਾ ਕੰਮ ਵੀ ਜਾਰੀ ਹੈ।
ਰਾਜਿੰਦਰਾ ਟੈਂਕ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਜੈਕਟ ਨੂੰ ਪ੍ਰਵਾਨਗੀ ਤੇ ਬਜ਼ਟ ਮਿਲਣ ਚੁੱਕਾ ਹੈ ਤੇ ਇਸੇ ਹਫ਼ਤੇ ਟੈਂਡਰ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਿੰਦਰਾ ਟੈਂਕ ‘ਚ ਪਾਣੀ ਪੱਕੇ ਤੌਰ ‘ਤੇ ਭਰਨ ਲਈ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਦੀ ਅਗਵਾਈ ਹੇਠ ਗਠਿਤ ਲੋਕ ਨਿਰਮਾਣ, ਜਲ ਨਿਕਾਸ, ਮੱਛੀ ਪਾਲਣ ਵਿਭਾਗ ਤੇ ਮਾਹਰਾਂ ਦੀ ਕਮੇਟੀ ਨੂੰ ਸਰਗਰਮ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਸ ਮੌਕੇ ਝੀਲ ਕੰਪਲੈਕਸ ਦੀ ਸੁੰਦਰਤਾ, ਸੁਰੱਖਿਆ ਤੇ ਹੋਰ ਪ੍ਰਬੰਧਾਂ ਸਮੇਤ ਝੀਲ ਕੰਪਲੈਕਸ ਨੂੰ ਸੈਲਾਨੀਆਂ ਤੇ ਸ਼ਹਿਰ ਵਾਸੀਆਂ ਲਈ ਸੈਰਗਾਹ ਵਜੋਂ ਵਿਕਸਤ ਕਰਨ ਲਈ ਚਰਚਾ ਕੀਤੀ।

ਜਲ ਨਿਕਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਿੰਦਰਾ ਲੇਕ ਵਿੱਚ ਭਾਖੜਾ ਨਹਿਰ ਦਾ ਪਾਣੀ ਪਾਉਣ ਲਈ ਮਹਾਰਾਣੀ ਕਲੱਬ ਤੋਂ ਤਿੰਨ ਫੁੱਟ ਚੌੜੀ ਪੱਕੀ ਪਾਇਪਲਾਈਨ ਵਿਛਾਈ ਜਾ ਰਹੀ ਹੈ, ਕਿਉਂਕਿ ਪੁਰਾਣੀ ਪਾਈਪਲਾਈਨ ਕਈ ਥਾਵਾਂ ਤੋਂ ਟੁੱਟ ਗਈ ਸੀ ਤੇ ਦਰਖ਼ਤਾਂ ਦੀਆਂ ਜੜ੍ਹਾਂ ਵਿੱਚ ਆਉਣ ਕਰਕੇ ਪਾਈਪ ਬੰਦ ਹੋ ਗਈ ਸੀ। ਹੁਣ ਰਾਜਿੰਦਰਾ ਟੈਂਕ ਨੂੰ ਪੱਕੇ ਤੌਰ ‘ਤੇ ਚਲਾਉਣ ਤੋਂ ਪਹਿਲਾਂ, ਇਸ ਦੀ ਡੀਸਿਲਟਿੰਗ, ਆਲੇ ਦੁਆਲੇ ਸੈਰ ਲਈ ਫੁਟਪਾਥ ਬਣਾਉਣ ਤੇ ਫ਼ੁਹਾਰੇ ਚਲਾਉਣ ਦੇ ਪੱਕੇ ਪ੍ਰਬੰਧ ਕਰਨ ਲਈ ਮੁੜ ਤੋਂ ਵਿਉਂਤਬੰਦੀ ਕੀਤੀ ਗਈ ਹੈ ਤਾਂ ਕਿ ਜਿੰਨਾ ਪਾਣੀ ਇਸ ਝੀਲ ਵਿੱਚ ਭਰਿਆ ਜਾਵੇ, ਉਹ ਨਾਲ ਦੀ ਨਾਲ ਜਮੀਨਦੋਜ਼ ਨਾ ਹੋਵੇ ਅਤੇ ਇਸ ਵਿੱਚ ਬੂਟੀ ਵੀ ਪੈਦਾ ਨਾ ਹੋਵੇ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਰਾਜਿੰਦਰਾ ਟੈਂਕ ਦੀ ਸਾਫ਼-ਸਫ਼ਾਈ ਪੱਕੇ ਤੌਰ ‘ਤੇ ਕੀਤੇ ਜਾਣ ਸਮੇਤ ਇਸ ਨੂੰ ਸੈਲਾਨੀਆਂ ਤੇ ਸ਼ਹਿਰ ਵਾਸੀਆਂ ਲਈ ਸਥਾਈ ਤੌਰ ‘ਤੇ ਇੱਕ ਸੁੰਦਰ ਸੈਰਗਾਹ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੱਕ ਰੋਜ਼ਾਨਾ ਰੀਵਿਯੂ ਕਰਨਗੇ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਨਹਿਰਾਂ, ਨਦੀਆਂ, ਨਾਲਿਆਂ ਤੇ ਡਰੇਨਾਂ ਸਮੇਤ ਪਾਣੀ ਦੇ ਸਰੋਤਾਂ ਨੂੰ ਸੰਭਾਲਣ ਲਈ ਅੱਗੇ ਆਉਣ ਤੇ ਇਨ੍ਹਾਂ ਵਿੱਚ ਕੋਈ ਵੀ ਕੂੜਾ ਕਚਰਾ ਨਾ ਸੁੱਟਿਆ ਜਾਵੇ, ਕਿਉਂਕਿ ਪਾਣੀ ਦੇ ਸਰੋਤ ਸਾਡਾ ਭਵਿੱਖ ਹਨ।
ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ, ਜਲ ਨਿਕਾਸ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ, ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਮਜੀਤ ਸਿੰਘ, ਬਾਗਬਾਨੀ ਵਿੰਗ ਦੇ ਕਾਰਜਕਾਰੀ ਇੰਜੀਨੀਅਰ ਸੁਰਜੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English