ਫੈਕਟ ਸਮਾਚਾਰ ਸੇਵਾ
ਨਾਭਾ, ਅਪ੍ਰੈਲ 13
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅੱਜ ਖ਼ਾਲਸਾ ਸਿਰਜਣਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਮੌਕੇ ਪਟਿਆਲਾ ਦਿਹਾਤੀ ਹਲਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਨਤਸਤਕ ਹੋਏ। ਉਨ੍ਹਾਂ ਨੇ ਇਸ ਪਵਿੱਤਰ ਦਿਹਾੜੇ ਮੌਕੇ ਪੰਜਾਬ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਅਤੇ ਸਮੂਹ ਪੰਜਾਬੀਆਂ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਵਾਤਾਵਰਣ ਦੀ ਸੰਭਾਲ ਲਈ ਵੀ ਅੱਗੇ ਆਉਣ ਲਈ ਆਖਿਆ।
ਸਿਹਤ ਮੰਤਰੀ ਪਹਿਲਾਂ ਨਾਭਾ ਨੇੜਲੇ ਪਿੰਡ ਰੋਹਟਾ ਸਾਹਿਬ ਵਿਖੇ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਗੁਰਦੁਆਰਾ ਰੋਹਟਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਇੱਥੇ ਘੱਗਰ ਬ੍ਰਾਂਚ ਨਹਿਰ ‘ਤੇ ਪਟਿਆਲਾ-ਨਾਭਾ ਰੋਡ ਤੋਂ ਨਾਭਾ ਗੋਬਿੰਦਗੜ੍ਹ ਰੋੜ ਵਾਇਆ ਰੋਹਟਾ ਸਾਹਿਬ ਆਰ.ਡੀ. 2.80 ਕਿਲੋਮੀਟਰ ‘ਤੇ 174.25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਨਵੇਂ ਪੁੱਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨਵੇਂ ਪੁੱਲ ਦਾ ਇੱਥੇ ਇਲਾਕੇ ਦੇ ਵਸਨੀਕਾਂ ਤੇ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਸਮੇਤ ਹੋਰ ਰਾਹਗੀਰਾਂ ਨੂੰ ਲਾਭ ਹੋਵੇਗਾ। ਇਸ ਉਪਰੰਤ ਉਨ੍ਹਾਂ ਨੇ ਫ਼ਕੀਰੋਂ ਕੇ ਬਖ਼ਸ਼ਿਸ਼ ਏ ਤਖ਼ਤ ਪ੍ਰਾਚੀਨ ਗੁਰਦੁਆਰਾ ਤਪ ਅਸਥਾਨ ਸੰਤ ਬਾਵਾ ਪੂਰਨ ਦਾਸ ਜੀ ਰੋੜੇਵਾਲ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਪਿੰਡ ਕਿਸ਼ਨਗੜ੍ਹ ਦੇ ਗੁਰਦੁਆਰਾ ਸਾਹਿਬ ਸਮੇਤ ਪਟਿਆਲਾ ਦੀ ਇੰਦਰਾ ਕਲੋਨੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਵੀ ਸੰਗਤ ਨੂੰ ਖ਼ਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਵਿਸਾਖੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਸਮੇਤ ਦੇਸ਼-ਵਿਦੇਸ਼ ‘ਚ ਵੱਸਦੇ ਪੰਜਾਬੀਆਂ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਦਿਹਾੜੇ ਦਾ ਧਾਰਮਿਕ, ਸਮਾਜਿਕ ਤੇ ਇਤਿਹਾਸਕ ਤੌਰ ‘ਤੇ ਬਹੁਤ ਮਹੱਤਵ ਹੈ, ਕਿਉਂਕਿ ਇਸ ਦਿਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕਰਕੇ ਨਸ਼ਿਆਂ ਦੀ ਜੜ੍ਹ ਪੁੱਟਣ ਦਾ ਕੰਮ ਕੀਤਾ ਹੈ, ਇਸ ਲਈ ਹਰ ਪੰਜਾਬੀ ਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪਿੰਡਾਂ ਸਮੇਤ ਨੇੜੇ-ਤੇੜੇ ਖਾਲੀ ਪਈਆਂ ਥਾਵਾਂ ਵਿਖੇ ਵੱਧ ਤੋਂ ਵੱਧ ਫ਼ਲਦਾਰ ਤੇ ਛਾਂਦਾਰ ਰੁੱਖ ਵੀ ਲਗਾਉਣੇ ਚਾਹੀਦੇ ਹਨ।
ਉਨ੍ਹਾਂ ਨੇ ਕਿਹਾ ਕਿ ਖ਼ਾਲਸਾ ਪੰਥ ਨੇ ਹਮੇਸ਼ਾ ਜ਼ਬਰ-ਜੁਲਮ ਦਾ ਟਾਕਰਾ ਕੀਤਾ ਅਤੇ ਗਰੀਬ ਤੇ ਲਤਾੜੇ ਲੋਕਾਂ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਵਿਸਾਖੀ ਫ਼ਸਲਾਂ ਪੱਕਣ ਦੀ ਖੁਸ਼ੀ ‘ਚ ਮਨਾਇਆ ਜਾਣ ਵਾਲਾ ਤਿਉਹਾਰ ਹੈ, ਜਿਸ ਨਾਲ ਸਾਡੇ ਕਿਰਤੀਆਂ, ਕਿਸਾਨਾਂ ਤੇ ਆਰਥਿਕਤਾ ਨੂੰ ਹੁਲਾਰਾ ਮਿਲਦਾ ਹੈ। ਇਸ ਦੌਰਾਨ ਗੁਰਦੁਆਰਾ ਰੋੜੇਵਾਲ ਸਾਹਿਬ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਗੁਰਚਰਨ ਸਿੰਘ ਦੀ ਅਗਵਾਈ ਹੇਠ ਸਿਹਤ ਮੰਤਰੀ ਦਾ ਸਨਮਾਨ ਕੀਤਾ ਗਿਆ। ਸਮਾਗਮ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ, ਜਸਬੀਰ ਸਿੰਘ ਗਾਂਧੀ, ਐਡਵੋਕੇਟ ਰਾਹੁਲ ਸੈਣੀ, ਹਰੀ ਚੰਦ ਬਾਂਸਲ, ਐਡਵੋਕੇਟ ਸਤਬੀਰ ਸਿੰਘ ਖਟੜਾ ਵੀ ਮੌਜੂਦ ਸਨ। ਜਦੋਂਕਿ ਗੁਰਦੁਆਰਾ ਰੋਹਟਾ ਸਾਹਿਬ ਵਿਖੇ ਹਜੂਰੀ ਰਾਗੀ ਭਾਈ ਜਗਜੀਤ ਸਿੰਘ ਸੰਗਤਪੁਰਾ, ਕਥਾਵਾਚਕ ਬਲਵਿੰਦਰ ਸਿੰਘ ਨਾਭਾ, ਹੈਡਗ੍ਰੰਥੀ ਭਾਈ ਸੁਖਪਾਲ ਸਿੰਘ, ਮੈਨੇਜਰ ਅਮਰੀਕ ਸਿੰਘ, ਪ੍ਰਧਾਨ ਰਣਜੀਤ ਸਿੰਘ, ਤੇਜਿੰਦਰ ਸਿੰਘ ਤੇਜੀ, ਪ੍ਰੀਤਮ ਸਿੰਘ ਮਾਨ ਰੋਹਟੀ ਬਸਤਾ, ਗੁਰਦੀਪ ਸਿੰਘ ਮਾਨ, ਰਘਬੀਰ ਸਿੰਘ ਰੋਹਟੀ ਮੌੜਾਂ, ਦਰਸ਼ਨ ਸਿੰਘ, ਪੰਚ ਸਰਬਜੀਤ ਸਿੰਘ, ਸਰਪੰਚ ਲਖਵਿੰਦਰ ਸਿੰਘ ਲੱਖੀ, ਜੋਰਾ ਸਿੰਘ ਰੋਹਟੀ ਮੌੜਾਂ, ਗੁਰਦਿੱਤ ਸਿੰਘ ਰੋਹਟਾ ਸਮੇਤ ਵੱਡੀ ਗਿਣਤੀ ਸੰਗਤ ਤੇ ਹੋਰ ਪਤਵੰਤੇ ਮੌਜੂਦ ਸਨ।