View in English:
April 8, 2025 3:32 am

ਡਾ. ਪ੍ਰੀਤੀ ਯਾਦਵ ਵੱਲੋਂ ਪਟਿਆਲਾ ‘ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਪ੍ਰੈਲ 7

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੈਰਾਥਨ ਮੀਟਿੰਗ ਕੀਤੀ। ਇਸ ਦੌਰਾਨ ਪੀਣ ਵਾਲੇ ਨਹਿਰੀ ਪਾਣੀ ਪ੍ਰੋਜੈਕਟ, ਰਜਿੰਦਰਾ ਝੀਲ, ਟਰੈਫ਼ਿਕ ਸਮੱਸਿਆ, ਨਵੇਂ ਬੱਸ ਅੱਡੇ ਨੇੜੇ ਟਰੈਫ਼ਿਕ ਸਮੱਸਿਆ ਸਮੇਤ ਛੋਟੀ-ਵੱਡੀ ਨਦੀ ਦੇ ਚੱਲ ਰਹੇ ਕੰਮ ਦੀ ਸਮੀਖਿਆ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ‘ਚ ਚੱਲ ਰਹੇ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਨਾ ਸਾਡੀ ਮੁੱਖ ਤਰਜੀਹ ਹੈ, ਇਸ ਦੇ ਨਾਲ ਹੀ ਜ਼ਿਲ੍ਹੇ ਦੀ ਟਰੈਫ਼ਿਕ ਸਮੇਤ ਹੋਰ ਸਮੱਸਿਆਵਾਂ ਦੇ ਵੀ ਸਥਾਈ ਹੱਲ ਕੱਢੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਮੀਟਿੰਗ ‘ਚ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਸੀ.ਏ. ਪੀ.ਡੀ.ਏ. ਮਨੀਸ਼ਾ ਰਾਣਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੀਣ ਵਾਲੇ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਲਈ ਪੁੱਟੀਆਂ ਸੜਕਾਂ ਜੋ ਨਗਰ ਨਿਗਮ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈਆਂ ਜਾ ਰਹੀ ਹਨ, ਉਨ੍ਹਾਂ ਦੀ ਮੁਰੰਮਤ ਦਾ ਕੰਮ ਪਾਈਪਾਂ ਪੈਣ ਤੋਂ ਤੁਰੰਤ ਬਾਅਦ ਸ਼ੁਰੂ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਫੁਹਾਰਾਂ ਚੌਕ ਤੋਂ ਲੀਲਾ ਭਵਨ ਤੇ 21 ਨੰਬਰ ਫਾਟਕ ਤੋਂ ਖੰਡਾਂ ਚੌਕ ਵਿਖੇ ਪਾਈਪਾਂ ਪੈਣ ਦੇ ਕੰਮ ਕਾਰਨ ਟਰੈਫ਼ਿਕ ਜਾਮ ਦੀ ਸਮੱਸਿਆ ਆ ਰਹੀ ਹੈ, ਇਸ ਲਈ ਇਨ੍ਹਾਂ ਸੜਕਾਂ ਦੀ ਰਿਪੇਅਰ ਤੇਜ਼ੀ ਨਾਲ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਛੋਟੀ-ਵੱਡੀ ਨਦੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਨ੍ਹਾਂ ਨਦੀਆਂ ਦੇ ਕੰਮ ਨੂੰ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਡੀ ਨਦੀ ਵਿੱਚ ਜਿਹੜਾ ਕਲੋਨੀਆਂ ਦਾ ਪਾਣੀ ਡਿਸਚਾਰਜ ਹੁੰਦਾ ਸੀ, ਉਸ ਲਈ ਪਿੰਡ ਦੌਲਤਪੁਰ ਵਿਖੇ 15 ਐਮ.ਐਲ.ਡੀ. ਅਤੇ ਸਨੀ ਇਨਕਲੈਵ ਪਿਛੇ 26 ਐਮ.ਐਲ.ਡੀ. ਦੇ ਦੋ ਐਸ.ਟੀ.ਪੀ. ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਕੰਮ ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ, ਜਿਸ ਨਾਲ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀ ਟਰੈਫ਼ਿਕ ਜਾਮ ਦੀ ਸਮੱਸਿਆ ਦਾ ਗੰਭੀਰ ਨੋਟਿਸ ਲੈਂਦਿਆਂ ਟਰੈਫ਼ਿਕ ਮੈਨੇਜਮੈਂਟ ਕਮੇਟੀ ਨੂੰ ਲਗਦੇ ਟਰੈਫ਼ਿਕ ਜਾਮ ਦਾ ਸਥਾਈ ਹੱਲ ਕੱਢਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਨਵੇਂ ਬੱਸ ਅੱਡੇ ਤੇ ਗਗਨ ਚੌਂਕ ਰਾਜਪੁਰਾ ਵਿਖੇ ਟਰੈਫ਼ਿਕ ਜਾਮ ਇਕ ਗੰਭੀਰ ਸਮੱਸਿਆ ਹਨ, ਇਨ੍ਹਾਂ ਦੇ ਹੱਲ ਲਈ ਮਾਹਰਾਂ ਦੀ ਰਾਏ ਲੈਕੇ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਮੀਟਿੰਗ ਦੌਰਾਨ ਟਰੈਫ਼ਿਕ ਸਮੱਸਿਆ ਲਈ ਵੱਖ ਵੱਖ ਪਹਿਲੂਆਂ ‘ਤੇ ਵੀ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਰਜਿੰਦਰਾ ਝੀਲ ਦੀ ਪੁਨਰ ਸੁਰਜੀਤੀ ਲਈ ਕਿਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਝੀਲ ਵਿੱਚ ਆਉਂਦੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਅਰੰਭੀ ਜਾਵੇ।

Leave a Reply

Your email address will not be published. Required fields are marked *

View in English