View in English:
June 26, 2024 3:54 pm

ਡਰੱਗ ਦੇ ਮੁੱਦੇ ‘ਤੇ ਸੁਨੀਲ ਜਾਖੜ ਦੇ ਟਵੀਟ ‘ਤੇ ‘ਆਪ’ ਦਾ ਜਵਾਬ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਜੂਨ 16

ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ‘ਤੇ ਤਿੱਖਾ ਹਮਲਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਜਾਖੜ ਨੇ ਕਦੇ ਵੀ ਭਾਜਪਾ ਆਗੂਆਂ ਨੂੰ ਉਨ੍ਹਾਂ ਦੀਆਂ ਪੰਜਾਬ ਵਿਰੋਧੀ ਗਤੀਵਿਧੀਆਂ ਲਈ ਸਵਾਲ ਨਹੀਂ ਕੀਤੇ, ਸਗੋਂ ਪੰਜਾਬ ਨੂੰ ਬਦਨਾਮ ਕਰਨ ਲਈ ਉਹ ਉਨ੍ਹਾਂ ਦੀ ਰੇਲ ਗੱਡੀ ਵਿੱਚ ਸਵਾਰ ਹੀ ਰਹਿੰਦੇ ਹਨ।

ਆਪਣੇ ਐਕਸ ਅਕਾਊਂਟ ਤੇ ਜਾਖੜ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਤੇ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਨੂੰ ਯਾਦ ਕਰਵਾਇਆ ਕਿ ਗੈਰ-ਕਾਨੂੰਨੀ ਡਰੱਗ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਪੰਜਾਬ ਪਹੁੰਚਦੀ ਹੈ ਅਤੇ ਦੋਵਾਂ ਰਾਜਾਂ ਵਿੱਚ ਭਾਜਪਾ ਸੱਤਾ ਵਿੱਚ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਭਾਜਪਾ ਸਰਕਾਰਾਂ ਦੀ ਨਾਕਾਮੀ ਅਤੇ ਭਾਜਪਾ ਵੱਲੋਂ ਡਰੱਗ ਮਾਫ਼ੀਆ ਨੂੰ ਦਿੱਤੀ ਜਾ ਰਹੀ ਸਰਪ੍ਰਸਤੀ ਦਾ ਹੀ ਨਤੀਜਾ ਹੈ ਕਿ ਐਨੀ ਵੱਡੀ ਮਾਤਰਾ ਵਿੱਚ ਗੈਰ-ਕਾਨੂੰਨੀ ਡਰੱਗ ਭਾਰਤ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਬਦਨਾਮ ਕਰਨ ਲਈ ਹਮੇਸ਼ਾ ਕੁਝ ਨਾ ਕੁਝ ਕਰਦੀ ਰਹਿੰਦੀ ਹੈ, ਪਰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਹੋਣ ਦਾ ਦਾਅਵਾ ਕਰਨ ਵਾਲੇ ਸੁਨੀਲ ਜਾਖੜ ਹਮੇਸ਼ਾ ਪੰਜਾਬ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਕਦੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਲਈ ਆਵਾਜ਼ ਨਹੀਂ ਉਠਾਉਂਦੇ।

ਉਨ੍ਹਾਂ ਕਿਹਾ ਕਿ ਜਾਖੜ ਕੇਂਦਰ, ਮਹਾਰਾਸ਼ਟਰ ਅਤੇ ਗੁਜਰਾਤ ਦੀਆਂ ਆਪਣੀਆਂ ਸਰਕਾਰਾਂ ਨੂੰ ਉੱਥੇ ਵੱਧ ਰਹੇ ਨਸ਼ਿਆਂ ਬਾਰੇ ਕਿਉਂ ਨਹੀਂ ਪੁੱਛਦੇ? ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਸੁਨੀਲ ਜਾਖੜ ਭੁੱਲ ਗਏ ਹਨ ਕਿ ਪੰਜਾਬ ਵਿੱਚ ਡਰੱਗ ਮਾਫ਼ੀਆ ਦੇ ਪੈਰ ਭਾਜਪਾ-ਅਕਾਲੀ ਦਲ ਦੀ ਸਰਕਾਰ ਨੇ ਹੀ ਜਮਾਏ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨ ਤੋਂ ਹੀ ਪੰਜਾਬ ਵਿੱਚੋਂ ਡਰੱਗ ਮਾਫ਼ੀਆ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹਨ। ਮਾਨ ਸਰਕਾਰ ਦਾ ਨਸ਼ਾ ਮਾਫ਼ੀਆ ਵਿਰੋਧੀ ਰੁਖ਼ ਇਹ ਯਕੀਨੀ ਬਣਾਏਗਾ ਕਿ ਪੰਜਾਬ ਵਿੱਚੋਂ ਨਸ਼ੇ ਦਾ ਖ਼ਾਤਮਾ ਹੋਵੇ ਅਤੇ ਸਾਡੇ ਨੌਜਵਾਨਾਂ ਦਾ ਭਵਿੱਖ ਉੱਜਵਲ ਅਤੇ ਸਿਹਤਮੰਦ ਹੋਵੇ।

Leave a Reply

Your email address will not be published. Required fields are marked *

View in English