ਫੈਕਟ ਸਮਾਚਾਰ ਸੇਵਾ
ਫਾਜ਼ਿਲਕਾ , ਅਗਸਤ 3
ਜ਼ਿਲ੍ਹਾ ਫਾਜ਼ਿਲਕਾ ਅਤੇ ਆਲੇ ਦੁਆਲੇ ਪਈਆਂ ਬਰਸਾਤਾਂ ਦੇ ਮੱਦੇਨਜ਼ਰ ਡਰੇਨਾਂ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਸਾਬੂਆਣਾ ਡਰੇਨ ਵਿੱਚ
ਬਰੀਚ (ਸਮਰੱਥਾ ਤੋਂ ਵੱਧ ਪਾਣੀ) ਹੋ ਗਿਆ ਸੀ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਡੀਐਮ ਫਾਜ਼ਿਲਕਾ ਮੈਡਮ ਵੀਰਪਾਲ ਕੌਰ ਸਥਿਤੀ ਦਾ ਜਾਇਜਾ ਲੈਣ ਲਈ ਸਾਬੂਆਣਾ ਡਰੇਨ ਪਹੁੰਚੇ। ਉਹਨਾਂ ਤੁਰੰਤ ਕਾਰਵਾਈ ਕਰਵਾਉਂਦਿਆ ਸਬੰਧਤ ਅਧਿਕਾਰੀਆਂ ਨੂੰ ਬਰੀਚ ਨੂੰ ਪਲੱਗ ਕਰਨ ਦੇ ਆਦੇਸ਼ ਦਿੱਤੇ।
ਐਸਡੀਐਮ ਵੀਰਪਾਲ ਕੌਰ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਤੇ ਆਸ ਪਾਸ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਪਾਣੀ ਦਾ ਪੱਧਰ ਕਾਫੀ ਵਧਿਆ ਹੈ ਜਿਸ ਕਰਕੇ ਸਾਬੂਆਣਾ ਡਰੇਨ ਵਿਚ ਸਮਰਥਾ ਤੋਂ ਵੱਧ ਪਾਣੀ ਹੋ ਗਿਆ ਸੀ ਜਿਸ ਕਰਕੇ ਪਾਣੀ ਡਰੇਨ ਤੋਂ ਬਾਹਰ ਆਉਣਾ ਸ਼ੁਰੂ ਹੋ ਗਿਆ ਸੀ। ਉਹਨਾਂ ਦੱਸਿਆ ਕਿ ਪਾਣੀ ਆਸ ਪਾਸ ਦੀਆਂ ਫਸਲਾਂ ਜਾਂ ਆਬਾਦੀ ਵਾਲੇ ਏਰੀਆ ਵਿੱਚ ਨਾ ਫੈਲੇ ਇਸ ਕਰਕੇ ਡਰੇਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਤੁਰੰਤ ਐਕਸ਼ਨ ਲੈਂਦਿਆ ਲੇਬਰ ਅਤੇ ਮਸ਼ੀਨ ਲਗਾ ਕੇ ਬਰੀਚ ਨੂੰ ਪਲਗ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ।
ਉਹਨਾਂ ਕਿਹਾ ਕਿ ਸਾਬੂਆਣਾ ਡਰੇਨ ਦੇ ਨਾਲ ਲੱਗਦੇ ਪਿੰਡ ਕੇਰੀਆਂ, ਲੱਖੇ ਵਾਲੀ ਢਾਬ ਅਤੇ ਹੋਰ ਪਿੰਡਾਂ ਵਿੱਚ ਜਾ ਕੇ ਵੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਕਿਸੇ ਦੀ ਫਸਲ ਜਾਂ ਅਬਾਦੀ ਵਾਲੇ ਏਰੀਏ ਨੂੰ ਨੁਕਸਾਨ ਨਾ ਹੋਵੇ, ਇਸ ਲਈ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਪਾਬੰਦ ਕੀਤਾ ਗਿਆ ਕੀ ਜਲਦ ਤੋਂ ਜਲਦ ਪਲੱਗ ਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਕਿਸੇ ਦਾ ਵੀ ਜਾਨੀ ਮਾਲ ਨੁਕਸਾਨ ਨਾ ਹੋਵੇ। ਇਸ ਮੌਕੇ ਕਾਰਜਕਾਰੀ ਇੰਜੀਨੀਅਰ ਡਰੇਨਜ ਵਿਭਾਗ ਗੁਰਵੀਰ ਸਿੰਘ, ਐਸਡੀਓ ਜਗਦੀਪ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਨਾਲ ਮੌਜੂਦ ਸਨ।