View in English:
April 5, 2025 9:47 am

ਟਰਾਂਸਪੋਰਟ ਮੰਤਰੀ ਵੱਲੋਂ ਪੰਜਾਬ ‘ਚ ਈ.ਵੀ. ਬੱਸਾਂ ਚਲਾਉਣ ਅਤੇ ਈਕੋ ਸਿਸਟਮ ਨੂੰ ਪ੍ਰਮੋਟ ਕਰਨ ‘ਤੇ ਜ਼ੋਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪਰੈਲ 4

ਪੰਜਾਬ ਸਰਕਾਰ ਨੇ ਸੂਬੇ ‘ਚ ਈ.ਵੀ. ਬੱਸਾਂ ਨੂੰ ਚਲਾਉਣ ਅਤੇ ਈਕੋ ਸਿਸਟਮ ਨੂੰ ਪ੍ਰਮੋਟ ਕਰਨ ਲਈ ਕਦਮ ਪੁੱਟੇ ਹਨ। ਇਸ ਉਪਰਾਲੇ ਨਾਲ ਜਿੱਥੇ ਸੂਬੇ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਾਉਣ ‘ਚ ਸਹਾਇਤਾ ਮਿਲੇਗੀ, ਉਥੇ ਹੀ ਨਾਗਰਿਕਾਂ ਨੂੰ ਚੰਗਾ ਵਾਤਾਵਰਣ ਅਤੇ ਆਵਾਜਾਈ ਸਹੂਲਤਾਂ ਮਿਲਣਗੀਆਂ।

ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਥਾਨਕ ਸਰਕਾਰਾਂ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਨੂੰ ਈ.ਵੀ. ਬੱਸਾਂ ਚਲਾਉਣ ਅਤੇ ਈਕੋ ਸਿਸਟਮ ਨੂੰ ਪ੍ਰਮੋਟ ਕਰਨ ਸਬੰਧੀ ਸਰਵੇ ਕਰਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਨਾਗਰਿਕਾਂ ਨੂੰ ਸਾਫ ਵਾਤਾਵਰਣ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਈ.ਵੀ. ਬੱਸਾਂ ਚਲਾਉਣਾ ਅਤੇ ਈਕੋ ਸਿਸਟਮ ਨੂੰ ਪ੍ਰਮੋਟ ਕਰਨ ਦਾ ਸਮਾਂ ਆ ਚੁੱਕਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਸਬੰਧਤ ਵਿਭਾਗੀ ਅਧਿਕਾਰੀਆਂ ਤੁਰੰਤ ਕਾਰਜਸ਼ੀਲ ਹੋਣ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ‘ਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਐਸ.ਏ.ਐਸ ਨਗਰ ਅਤੇ ਪਟਿਆਲਾ ‘ਚ ਈ.ਵੀ. ਬੱਸਾਂ ਚਲਾਉਣ ਦੀ ਤਜਵੀਜ਼ ਬਣਾਈ ਜਾਵੇਗੀ ਅਤੇ ਇਸ ਤਹਿਤ ਅੰਮ੍ਰਿ਼ਤਸਰ ਲਈ 100, ਜਲੰਧਰ ਲਈ 75, ਲੁਧਿਆਣਾ ਲਈ 100, ਐਸ.ਏ.ਐਸ ਨਗਰ ਲਈ 100 ਅਤੇ ਪਟਿਆਲਾ ਲਈ 50 ਈ.ਵੀ ਬੱਸਾਂ ਪਾਉਣ ‘ਤੇ ਵਿਚਾਰ ਚਰਚਾ ਕੀਤੀ ਗਈ ਹੈ।

ਇਸ ਮੀਟਿੰਗ ਦੌਰਾਨ ਮੰਤਰੀ ਭੁੱਲਰ ਨੇ ਪੀ.ਆਰ.ਟੀ.ਸੀ ਅਤੇ ਪਨਬੱਸ ਦੇ ਅਧਿਕਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਬੱਸ ਰੂਟਾਂ ਦੇ ਪਰਮਿਟਾਂ ਦੀ ਡੀ-ਕਲਬਿੰਗ ਸਬੰਧੀ ਰੀਵਿਊ ਕਰਕੇ ਕਾਨੂੰਨ ਅਨੁਸਾਰ ਹੱਲ ਕੱਢਿਆ ਜਾਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਛੇਤੀ ਹੀ ਪੀ.ਆਰ.ਅੀ.ਸੀ ਵੱਲੋਂ 450 ਵੱਡੀਆਂ ਬੱਸਾਂ, 100 ਮਿੰਨੀ ਬੱਸਾਂ ਅਤੇ ਪਨਬੱਸ ਵੱਲੋਂ 312 ਨਵੀਂਆਂ ਬੱਸਾਂ ਪੰਜਾਬ ਟਰਾਂਸਪੋਰਟ ਵਿਭਾਗ ਦੇ ਬੇੜੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਅਤੇ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਪ੍ਰਕਿਰਿਆ ਅਧੀਨ ਹੈ।

ਇਸ ਮੌਕੇ ਵਧੀਕ ਮੁੱਖ ਸਕੱਤਰ ਟਰਾਂਸਪੋਰਟ ਡੀ.ਕੇ. ਤਿਵਾੜੀ, ਸਟੇਟ ਟਰਾਂਸਪੋਰਟ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਰਾਜੀਵ ਗੁਪਤਾ ਤੋਂ ਇਲਾਵਾ ਸਥਾਨਕ ਸਰਕਾਰਾਂ ਅਤੇ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

Leave a Reply

Your email address will not be published. Required fields are marked *

View in English