ਫੈਕਟ ਸਮਾਚਾਰ ਸੇਵਾ
ਸ਼੍ਰੀਨਗਰ , ਮਾਰਚ 6
ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਦੀ ਹੱਤਿਆ ਦੇ ਖਿਲਾਫ ਅੱਜ ਜੁੰਮੇ ਦੀ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨਾਂ ਦੇ ਡਰ ਕਾਰਨ ਅੱਜ ਕਸ਼ਮੀਰ ਵਾਦੀ ਵਿੱਚ ਲੋਕਾਂ ਦੀ ਆਵਾਜਾਈ ‘ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ।
ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲੇ ਵਿੱਚ ਖਮੇਨੀ ਦੀ ਮੌਤ ਦੇ ਵਿਰੋਧ ਵਿੱਚ ਪਿਛਲੇ 6 ਦਿਨਾਂ ਤੋਂ ਘਾਟੀ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਅਧਿਕਾਰੀਆਂ ਦੇ ਅਨੁਸਾਰ ਇੱਕ ਦਿਨ ਪਹਿਲਾਂ ਘਾਟੀ ਦੇ ਕਈ ਇਲਾਕਿਆਂ ਵਿੱਚ ਅਚਾਨਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਸੋਮਵਾਰ ਨੂੰ ਪਾਬੰਦੀਆਂ ਲਗਾਈਆਂ ਗਈਆਂ ਸਨ।
ਇਸ ਦੌਰਾਨ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਥਿਤੀ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਸਿਵਲ ਸੁਸਾਇਟੀ ਦੇ ਪ੍ਰਤੀਨਿਧੀਆਂ ਅਤੇ ਧਾਰਮਿਕ ਆਗੂਆਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ, ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।
ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੱਜ ਸਵੇਰ ਤੋਂ ਹੀ ਸ੍ਰੀਨਗਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਨੂੰ ਰੋਕਣ ਲਈ ਕਈ ਪ੍ਰਮੁੱਖ ਚੌਰਾਹਿਆਂ ‘ਤੇ ਕੰਡਿਆਲੀ ਤਾਰ ਅਤੇ ਬੈਰੀਕੇਡ ਲਗਾਏ ਗਏ ਹਨ।







