View in English:
January 10, 2025 4:03 am

ਜਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਰੰਗ ਲਿਆਈ – ਚੀਨੀ ਡੋਰ ਦੀ ਹੁਣ ਤੱਕ ਦੀ ਵੱਡੀ ਖੇਪ ਬਰਾਮਦ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਜ਼ਬਤ ਕੀਤੇ 1200 ਚਾਈਨਾ ਡੋਰ ਦੇ ਗੱਟੂ

ਟੋਲ ਫ੍ਰੀ ਨੰਬਰ ਤੋਂ ਪ੍ਰਾਪਤ ਹੋਈ ਸੀ ਸੂਚਨਾ

ਅੰਮ੍ਰਿਤਸਰ 9 ਜਨਵਰੀ 2025—

            ਜਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸੀ ਸਾਹਨੀ ਦੀ ਅਗਵਾਈ ਹੇਠ ਚਾਈਨਾ ਡੋਰ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੇ ਆਪਣਾ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਟੋਲ ਫ੍ਰੀ ਨੰਬਰ ਤੇ ਸੂਚਨਾ ਪ੍ਰਾਪਤ ਹੋਈ ਸੀ ਕਿ ਘਿਉ ਮੰਡੀ ਇਲਾਕੇ ਵਿੱਚ ਟਰਾਂਸਪੋਰਟ ਖੇਤਰ ਵਿੱਚ ਛਾਪਾ ਮਾਰਿਆ ਜਾਵੇ ਤਾਂ ਚਾਈਨਾ ਡੋਰ ਦੇ ਗੱਟੂ ਪ੍ਰਾਪਤ ਹੋ ਸਕਦੇ ਹਨ।

            ਇਸ ਸੂਚਨਾ ਤੇ ਕਾਰਵਾਈ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਐਨ ਸ੍ਰੀ ਸੁਖਦੇਵ ਸਿੰਘ, ਐਸ.ਡੀ.ਓ ਵਿਨੋਦ ਕੁਮਾਰ ਅਤੇ ਜਸਮੀਤ ਸਿੰਘ ਵਲੋਂ ਘਿਓ ਮੰਡੀ ਵਿਖੇ ਛਾਪਾਮਾਰੀ ਕੀਤੀ ਗਈ ਅਤੇ ਟਰੱਕ ਉਪਰੋਂ ਚਾਈਨਾ ਡੋਰ ਅਨਲੋਡ ਕੀਤੀ ਜਾ ਰਹੀ ਸੀ। ਇਸ ਮੌਕੇ ਅਧਿਕਾਰੀਆਂ ਨੇ ਟਰੱਕ ਤੋਂ 1200 ਚਾਈਨਾ ਡੋਰ ਦੇ ਗੱਟੂ ਜ਼ਬਤ ਕੀਤੇ ਤੇ ਇਲਾਕਾ ਪੁਲਿਸ ਨੂੰ ਸੂਚਿਤ ਕਰਕੇ ਚਾਈਨਾ ਡੋਰ ਐਸ.ਐਚ.ਓ. ਦੇ ਹਵਾਲੇ ਕਰ ਦਿੱਤੀ ਗਈ। ਜਿਸ ਤੇ ਪੁਲਿਸ ਨੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ।

            ਦੱਸਣਯੋਗ ਹੈ ਕਿ ਡਾ. ਅਰਦਸ਼ਪਾਲ ਵਿਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਰਹਿਨੁਮਾਈ ਹੇਠ ਜਾਰੀ ਕੀਤੇ ਗਏ ਟੋਲ ਫ੍ਰੀ ਨੰਬਰ ਦੇ ਤਹਿਤ ਚਾਈਨਾ ਡੋਰ ਵੇਚਣ, ਖਰੀਦ ਕਰਨ ਅਤੇ ਸਟੋਰ ਕਰਨ ਦੇ ਸਬੰਧ ਵਿੱਚ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੋਇਆ ਹੈ। ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਚਾਈਨਾ ਡੋਰ ਦੇ ਖਿਲਾਫ਼ ਵਿਆਪਕ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਪੁਲਿਸ ਪ੍ਰਸ਼ਾਸਨ ਡਰੋਨਾਂ ਰਾਹੀਂ ਚਾਈਨਾ ਡੋਰ ਨਾ ਪਤੰਗ ਉਡਾਉਣ ਵਾਲਿਆਂ ਦੇ ਵਿਰੁੱਧ ਕਾਰਵਾਈ ਕਰ ਰਿਹਾ ਹੈ।

Leave a Reply

Your email address will not be published. Required fields are marked *

View in English