ਫੈਕਟ ਸਮਾਚਾਰ ਸੇਵਾ
ਫਤਿਹਗੜ੍ਹ ਸਾਹਿਬ , ਅਪ੍ਰੈਲ 6
ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨ ਮੋਰਚੇ ਨੂੰ ਹਟਾਉਣ ਦੇ ਵਿਰੋਧ ‘ਚ ਪੰਜਾਬ ਭਰ ‘ਚ ਕਿਸਾਨ ਮਹਾਪੰਚਾਇਤਾਂ ਕਰਵਾਈਆਂ ਜਾ ਰਹੀਆਂ ਹੈ। ਇਸੇ ਤਹਿਤ ਫਤਿਹਗੜ੍ਹ ਸਾਹਿਬ ਦੀ ਸਰਹਿੰਦ ਅਨਾਜ ਮੰਡੀ ‘ਚ ਅੱਜ ਇਕ ਮਹਾਪੰਚਾਇਤ ਹੋਈ ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚੇ। ਮਹਾਪੰਚਾਇਤ ਤੋਂ ਪਹਿਲਾਂ ਡੱਲੇਵਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਏ। ਇਸ ਤੋਂ ਬਾਅਦ ਅਨਾਜ ਮੰਡੀ ਸਰਹਿੰਦ ਪਹੁੰਚੇ ਜਿੱਥੇ 131 ਦਿਨਾਂ ਬਾਅਦ ਉਨ੍ਹਾਂ ਆਪਣੀ ਭੁੱਖ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ।
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਇਕ ਪਾਸੇ ਸਰਕਾਰ ਸਾਨੂੰ ਮੀਟਿੰਗ ਲਈ ਬੁਲਾ ਰਹੀ ਹੈ ਤੇ ਦੂਜੇ ਪਾਸੇ ਰਾਤ ਨੂੰ ਮੋਰਚੇ ‘ਤੇ ਜ਼ਬਰਦਸਤੀ ਕਾਰਵਾਈ ਕਰ ਰਹੀ ਹੈ। ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਸਰਕਾਰ ਦੇ ਜ਼ੁਲਮ ਦੇ ਵਿਰੋਧ ‘ਚ ਮਹਾਪੰਚਾਇਤਾਂ ਹੋ ਰਹੀਆਂ ਹਨ। ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਦ ਤੱਕ ਆੰਦੋਲਨ ਜਾਰੀ ਰਹੇਗਾ।