ਫੈਕਟ ਸਮਾਚਾਰ ਸੇਵਾ
ਰਾਏਪੁਰ , ਜਨਵਰੀ 21
ਸੁਰੱਖਿਆ ਬਲਾਂ ਨੇ ‘ਲਾਲ ਦਹਿਸ਼ਤ’ ਵਿਰੁੱਧ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਛੱਤੀਸਗੜ੍ਹ ‘ਚ ਬਸਤਰ ਤੋਂ ਬਾਅਦ ਹੁਣ ਗੜੀਆਬੰਦ ‘ਚ ਨਕਸਲੀਆਂ ਨੂੰ ਵੱਡੀ ਸੱਟ ਵੱਜੀ ਹੈ। ਇੱਥੇ ਸੁਰੱਖਿਆ ਬਲਾਂ ਨੇ 24 ਘੰਟਿਆਂ ਵਿੱਚ 14 ਤੋਂ ਵੱਧ ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਹ ਮੁਕਾਬਲਾ ਐਤਵਾਰ ਤੋਂ ਚੱਲ ਰਿਹਾ ਹੈ। ਰਾਤ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਜ਼ਬਰਦਸਤ ਗੋਲੀਬਾਰੀ ਹੋਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਮਾਰਚ 2026 ਤੱਕ ਦੇਸ਼ ਨੂੰ ਨਕਸਲ ਮੁਕਤ ਕਰ ਦਿੱਤਾ ਜਾਵੇਗਾ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ-ਓਡੀਸ਼ਾ ਸਰਹੱਦ ‘ਤੇ ਮੈਨਪੁਰ ਥਾਣਾ ਖੇਤਰ ਦੇ ਅਧੀਨ ਇਕ ਜੰਗਲ ‘ਚ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਸਵੇਰੇ ਮੁਕਾਬਲਾ ਹੋਇਆ, ਜਿਸ ‘ਚ 12 ਹੋਰ ਮਾਓਵਾਦੀ ਮਾਰੇ ਗਏ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇੱਕ ਮੁਕਾਬਲੇ ਵਿੱਚ ਦੋ ਮਹਿਲਾ ਨਕਸਲੀ ਮਾਰੇ ਗਏ ਸਨ ਅਤੇ ਸੀਆਰਪੀਐਫ ਕੋਬਰਾ ਬਟਾਲੀਅਨ ਦਾ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਤੋਂ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਅਤੇ ਓਡੀਸ਼ਾ ਤੋਂ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸਓਜੀ) ਦੀ ਇੱਕ ਸਾਂਝੀ ਟੀਮ ਇਸ ਕਾਰਵਾਈ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ 19 ਜਨਵਰੀ ਦੀ ਰਾਤ ਨੂੰ ਓਡੀਸ਼ਾ ਦੇ ਨੁਪਾਡਾ ਜ਼ਿਲ੍ਹੇ ਦੀ ਸਰਹੱਦ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਛੱਤੀਸਗੜ੍ਹ ਦੇ ਕੁਲਰੀਘਾਟ ਰਿਜ਼ਰਵ ਜੰਗਲ ਵਿੱਚ ਵੱਡੀ ਗਿਣਤੀ ਵਿੱਚ ਮਾਓਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ‘ਤੇ ਆਪਰੇਸ਼ਨ ਚਲਾਇਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਕੀਤੀ ਗਈ ਕਾਰਵਾਈ ਦੌਰਾਨ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ, ਗੋਲਾ ਬਾਰੂਦ ਅਤੇ ਇਕ ‘ਸੈਲਫ-ਲੋਡਿੰਗ’ ਰਾਈਫਲ ਬਰਾਮਦ ਕੀਤੀ ਗਈ ਅਤੇ ਇਕ ਬਾਰੂਦੀ ਸੁਰੰਗ ਦਾ ਪਤਾ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਮਾਰੇ ਗਏ ਮਾਓਵਾਦੀਆਂ ਦੀ ਗਿਣਤੀ ਵਧ ਸਕਦੀ ਹੈ। ਰਾਏਪੁਰ ਖੇਤਰ ਦੇ ਪੁਲਿਸ ਇੰਸਪੈਕਟਰ ਜਨਰਲ ਅਮਰੇਸ਼ ਮਿਸ਼ਰਾ ਨੇ ਦੱਸਿਆ ਕਿ ਇਲਾਕੇ ‘ਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਮੁੱਠਭੇੜ ਚੱਲ ਰਹੀ ਹੈ। ਮਿਸ਼ਰਾ ਨੇ ਕਿਹਾ ਕਿ ਇਸ ਮੁਕਾਬਲੇ ‘ਚ ਕਈ ਚੋਟੀ ਦੇ ਨਕਸਲੀ ਮਾਰੇ ਜਾਣ ਦੀ ਸੰਭਾਵਨਾ ਹੈ।