View in English:
October 18, 2024 8:34 am

ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ’ਚ ਵੱਡਾ ਫੇਰਬਦਲ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਜੁਲਾਈ 17

ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਕੀਤਾ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਖੇਡ ਕੰਪਲੈਕਸਾਂ, ਕੋਚਿੰਗ ਸੈਂਟਰਾਂ ਅਤੇ ਅਕੈਡਮੀਆਂ ਵਿੱਚ ਲੰਬੇ ਸਮੇਂ ਤੋਂ ਤਾਇਨਾਤ ਸਾਰੇ ਕੋਚਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਇਹ ਹਦਾਇਤਾਂ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਅਤੇ ਸਲਾਹਕਾਰ ਰਾਜੀਵ ਵਰਮਾ ਵੱਲੋਂ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਹਾਲ ਹੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਹਨ। ਖੇਡ ਵਿਭਾਗ ਦੇ ਡਾਇਰੈਕਟਰ ਦਫ਼ਤਰ ਵੱਲੋਂ 26 ਕੋਚਾਂ ਨੂੰ ਬਦਲਣ ਦਾ ਫ਼ੈਸਲਾ ਲਿਆ ਗਿਆ ਹੈ।

ਵਿਭਾਗ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਖ਼ੁਲਾਸਾ ਹੋਇਆ ਹੈ ਕਿ ਕੁਝ ਕੋਚ ਪਿਛਲੇ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇੱਕੋ ਕੇਂਦਰ ’ਚ ਜਮੇ ਹੋਏ ਸਨ। ਜਦੋਂ ਕਿ ਜ਼ਿਆਦਾਤਰ ਕੋਚ ਪੰਜ ਸਾਲ ਤੋਂ ਵੱਧ ਸਮੇਂ ਤੋਂ ਇੱਕੋ ਕੇਂਦਰ ਵਿੱਚ ਤਾਇਨਾਤ ਸਨ। ਯੂਟੀ ਪ੍ਰਸ਼ਾਸਨ ਵੱਲੋਂ ਕੋਚਾਂ ਦੇ ਤਬਾਦਲਿਆਂ ਦੀ ਸੂਚੀ ਜਾਰੀ ਹੁੰਦੇ ਹੀ ਖੇਡ ਵਿਭਾਗ ਵਿੱਚ ਖਲਬਲੀ ਦਾ ਮਾਹੌਲ ਪੈਦਾ ਹੋ ਗਿਆ।

ਰੈਗੂਲਰ ਕੋਚਾਂ ਦੇ ਨਾਲ-ਨਾਲ ਠੇਕੇ ’ਤੇ ਜਾਂ ਸੇਵਾਮੁਕਤੀ ਤੋਂ ਬਾਅਦ ਤਾਇਨਾਤ ਕੋਚਾਂ ਦੇ ਵੀ ਖੇਡ ਵਿਭਾਗ ਵੱਲੋਂ ਤਬਾਦਲੇ ਕੀਤੇ ਗਏ ਹਨ। ਸੂਤਰਾਂ ਅਨੁਸਾਰ ਯੂਟੀ ਪ੍ਰਸ਼ਾਸਨ ਦੇ ਵਿਜੀਲੈਂਸ ਵਿਭਾਗ ਨੇ ਹਾਲ ਹੀ ਵਿੱਚ ਇਕ ਨਿਰਦੇਸ਼ ਜਾਰੀ ਕੀਤਾ ਸੀ ਕਿ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਸੰਵੇਦਨਸ਼ੀਲ ਅਹੁਦਿਆਂ ’ਤੇ ਰਹੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਣ। ਹਾਲ ਹੀ ਵਿੱਚ ਖੇਡ ਵਿਭਾਗ ਦੇ ਇੱਕ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਕੁਝ ਕੋਚਾਂ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਯੂਟੀ ਦੇ ਸਲਾਹਕਾਰ ਰਾਜੀਵ ਵਰਮਾ ਵਲੋਂ ਖੇਡ ਸਕੱਤਰ ਅਤੇ ਖੇਡ ਨਿਰਦੇਸ਼ਕ ਨਾਲ ਹੋਈ ਇੱਕ ਅਹਿਮ ਮੀਟਿੰਗ ਵਿੱਚ ਪੰਜ ਸਾਲ ਤੋਂ ਵੱਧ ਸਮੇਂ ਤੋਂ ਖੇਡ ਸੈਂਟਰ ਵਿੱਚ ਕੰਮ ਕਰ ਰਹੇ ਕੋਚ ਨੂੰ ਤੁਰੰਤ ਬਦਲਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ।

ਯੂਟੀ ਦੇ ਸਲਾਹਕਾਰ ਦੀਆਂ ਹਦਾਇਤਾਂ ਤੋਂ ਬਾਅਦ ਖੇਡ ਵਿਭਾਗ ਵੱਲੋਂ ਸਾਰੇ ਕੋਚਾਂ ਦੇ ਕਾਰਜਕਾਲ ਸਬੰਧੀ ਰਿਪੋਰਟ ਤਿਆਰ ਕੀਤੀ ਗਈ। ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਕੁਝ ਕੋਚਾਂ ਦਾ ਜ਼ਿਆਦਾਤਰ ਕੰਮ ਇਕ ਹੀ ਸੈਂਟਰ ਵਿਚ ਪੂਰਾ ਹੋ ਗਿਆ ਹੈ। ਕਈ ਕੋਚਾਂ ਖ਼ਿਲਾਫ਼ ਪ੍ਰਸ਼ਾਸਨ ਕੋਲ ਲਗਾਤਾਰ ਸ਼ਿਕਾਇਤਾਂ ਵੀ ਆ ਰਹੀਆਂ ਸਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਖੇਡ ਵਿਭਾਗ ਨੇ ਸਾਰੇ ਕੋਚਾਂ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ। ਤਬਾਦਲਿਆਂ ਦੀ ਸੂਚੀ ਜਾਰੀ ਹੁੰਦੇ ਹੀ ਇਸ ਨੂੰ ਰੋਕਣ ਲਈ ਸਿਫਾਰਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਪਰ ਯੂਟੀ ਪ੍ਰਸ਼ਾਸਨ ਨੇ ਤਬਾਦਲਿਆਂ ਸਬੰਧੀ ਕਿਸੇ ਵੀ ਕੋਚ ਨਾਲ ਕੋਈ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਸਾਰੇ ਕੋਚਾਂ ਨੂੰ ਤੁਰੰਤ ਨਵੀਂ ਤਾਇਨਾਤੀ ‘ਤੇ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ਯੂਟੀ ਪ੍ਰਸ਼ਾਸਨ ਦੇ ਖੇਡ ਵਿਭਾਗ ਵਿੱਚ ਕੋਚਾਂ ਅਤੇ ਖੇਡ ਸਟਾਫ਼ ਦੀਆਂ ਕਈ ਅਸਾਮੀਆਂ ਖਾਲੀ ਹਨ। ਖੇਡ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਯੂਟੀ ਦੇ ਸਲਾਹਕਾਰ ਨੇ ਵਿਭਾਗ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਤੁਰੰਤ ਭਰਨ ਲਈ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲ ਹੀ ਵਿੱਚ ਸਵਿਮਿੰਗ ਕੋਚ ਦੀ ਪੱਕੀ ਨਿਯੁਕਤੀ ਕੀਤੀ ਗਈ ਹੈ। ਖੇਡ ਵਿਭਾਗ ਦੀ ਸਪੋਰਟਸ ਕੌਂਸਲ ਵਿੱਚ ਕਈ ਅਸਾਮੀਆਂ ਭਰਨ ਦੀ ਪ੍ਰਕਿਰਿਆ ਵੀ ਜੁਲਾਈ ਤਕ ਮੁਕੰਮਲ ਕਰ ਲਈ ਜਾਵੇਗੀ। ਖੇਡ ਵਿਭਾਗ ਜਲਦ ਹੀ ਕਰੀਬ 20 ਸਥਾਈ ਕੋਚਾਂ ਦੀ ਨਿਯੁਕਤੀ ਕਰਨ ਜਾ ਰਿਹਾ ਹੈ। ਇਸ ਸਬੰਧੀ ਖੇਡ ਅਧਿਕਾਰੀਆਂ ਦੀ ਇਸ ਹਫ਼ਤੇ ਅਹਿਮ ਮੀਟਿੰਗ ਸੱਦੀ ਗਈ ਹੈ। ਜਿਨ੍ਹਾਂ ਅਸਾਮੀਆਂ ਲਈ ਇੰਟਰਵਿਊ ਲਈ ਗਈ ਹੈ, ਉਨ੍ਹਾਂ ਦੇ ਨਤੀਜੇ ਵੀ ਜਲਦੀ ਹੀ ਜਾਰੀ ਕੀਤੇ ਜਾਣਗੇ।

ਖੇਡ ਵਿਭਾਗ ਵੱਲੋਂ ਜਿਨ੍ਹਾਂ ਕੋਚਾਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ਵਿੱਚ ਰਾਜੀਵ ਕੌਸ਼ਲ ਟੇਬਲ ਟੈਨਿਸ, ਮੁਨੀਸ਼ ਸੈਣੀ ਟੇਬਲ ਟੈਨਿਸ, ਗੁਰਪ੍ਰੀਤ ਸਿੰਘ ਟੇਬਲ ਟੈਨਿਸ, ਅਜੈ ਕੌਸ਼ਿਕ ਲਾਅਨ ਟੈਨਿਸ, ਅਨੀਤਾ ਮਿੱਤਲ ਲਾਅਨ ਟੈਨਿਸ, ਪ੍ਰਵੀਨ ਕੁਮਾਰ ਲਾਅਨ ਟੈਨਿਸ, ਸ਼ੁਭਮ ਕੰਬੋਜ ਲਾਅਨ ਟੈਨਿਸ, ਸ਼ੀਨਾ ਸਹੋਤਾ ਜਿਮ. , ਜਸਵਿੰਦਰ ਸਿੰਘ ਜੂਨੀਅਰ ਹਾਕੀ ਕੋਚ, ਅਮਰਜੀਤ ਸਿੰਘ ਬਾਸਕਟਬਾਲ, ਰਵਿੰਦਰ ਸ਼ਰਮਾ ਬਾਸਕਟਬਾਲ, ਮਨਜੀਤ ਸਿੰਘ ਬਾਸਕਟਬਾਲ, ਮਾਨਵਪ੍ਰੀਤ ਸਿੰਘ ਹੈਂਡਬਾਲ, ਨੰਦਲਾਲ ਵਰਮਾ, ਹੈਂਡਬਾਲ ਕੋਚ, ਸੁਖਵਿੰਦਰ ਸਿੰਘ ਕ੍ਰਿਕਟ, ਹਰੀਸ਼ ਸ਼ਰਮਾ ਕ੍ਰਿਕਟ, ਵਿਵੇਕ ਕੁਮਾਰ ਵੇਟ ਲਿਫਟਿੰਗ, ਭੁਵਨ ਸੇਠੀ ਬੈਡਮਿੰਟਨ, ਅਕਾਸ਼ ਸੇਠੀ ਬੈਡਮਿੰਟਨ, ਵਿਸ਼ਾਲ ਮਹਿਤਾ ਬੈਡਮਿੰਟਨ, ਸ਼ਾਰਦਾ ਬੈਡਮਿੰਟਨ, ਰਾਜੀਵ ਤੁਲੀ ਬੈਡਮਿੰਟਨ, ਖੁਸ਼ਵੰਤ ਸਿੰਘ ਅਤੇ ਵਿਕਾਸ ਨਈਅਰ ਸਕੁਐਸ਼ ਕੋਚ ਹਨ।

Leave a Reply

Your email address will not be published. Required fields are marked *

View in English