ਫੈਕਟ ਸਮਾਚਾਰ ਸੇਵਾ
ਹਿਸਾਰ , ਨਵੰਬਰ 30
ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ 26 ਨਵੰਬਰ ਨੂੰ ਚੰਡੀਗੜ੍ਹ ਵਿਚ ਦੇਸੀ ਬੰਬ ਧਮਾਕੇ ਕਰਨ ਵਾਲੇ ਦੋਵੇਂ ਬਦਮਾਸ਼ਾਂ ਨੂੰ ਸ਼ੁੱਰਕਵਾਰ ਸ਼ਾਮ ਨੂੰ ਹਿਸਾਰ ਵਿਚ ਮੁਕਾਬਲੇ ਬਾਅਦ ਪੁਲਿਸ ਨੇ ਫੜ ਲਿਆ ਹੈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਕਰੀਬ 24 ਰਾਊਂਡ ਗੋਲੀਬਾਰੀ ਹੋਈ। ਐੱਸਟੀਐੱਫ ਹਿਸਾਰ ਦੇ ਸਬ ਇੰਸਪੈਕਟਰ ਸੰਦੀਪ ਤੇ ਅਨੂਪ ਨੂੰ ਵੀ ਗੋਲੀ ਲੱਗੀ ਹੈ। ਪਰ ਬੁਲਟ ਪ੍ਰੂਫ ਜੈਕਟ ਪਹਿਨੀ ਹੋਈ ਹੋਣ ਕਰਕੇ ਉਹ ਬਚ ਗਏ। ਫੜੇ ਗਏ ਬਦਮਾਸ਼ਾਂ ਦੀ ਪਛਾਣ ਹਿਸਾਰ ਦੇ ਦੇਵਾ ਪਿੰਡ ਦੇ ਰਹਿਣ ਵਾਲੇ 21 ਸਾਲ ਦੇ ਵਿਨੇ ਤੇ ਖਰੜ ਦੇ 22 ਸਾਲ ਦੇ ਅਜੀਤ ਵਜੋਂ ਹੋਈ ਹੈ। ਦੋਵਾਂ ਬਦਮਾਸ਼ਾਂ ਦੇ ਪੈਰਾਂ ਵਿਚ ਗੋਲੀ ਲੱਗੀ ਹੈ। ਦੋਵਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕੋਲੋਂ 32 ਬੋਰ ਦੇ ਦੋ ਪਿਸਤੌਲ ਤੇ ਕਰੀਬ ਸੱਤ ਕਾਰਤੂਸ ਬਰਾਮਦ ਹੋਏ ਹਨ।
ਦੋਵੇਂ ਬਦਮਾਸ਼ 24 ਨਵੰਬਰ ਨੂੰ ਕਰਨਾਲ ਤੋਂ ਬੰਬ ਲੈ ਕੇ ਗਏ ਸੀ ਤੇ ਹੋਰ ਦੋ ਦਿਨ ਬਾਅਦ ਮੰਗਲਵਾਰ ਨੂੰ ਸਵੇਰੇ ਕਰੀਬ ਤਿੰਨ ਵਜੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਸੇਵਿਲੇ ਬਾਰ ਐਂਡ ਲਾਊਜ਼ ਤੇ ਡੀ ਓਰਾ ਕਲੱਬ ਦੇ ਬਾਹਰ ਧਮਾਕਾ ਕਰ ਕੇ ਫਰਾਰ ਹੋ ਗਏ ਸਨ। ਸੇਵਿਲੇ ਕਲੱਬ ਦੇ ਮਾਲਕਾਂ ਵਿਚ ਰੈਪਰ ਬਾਦਸ਼ਾਹ ਵੀ ਪਾਰਟਨਰ ਹੈ। ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਤੇ ਸਪੈਸ਼ਲ ਸੈਲ ਦੀਆਂ ਟੀਮਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਸ਼ੁੱਕਰਵਾਰ ਨੂੰ ਦੋਵੇਂ ਬਦਮਾਸ਼ਲਾਂ ਦੇ ਹਿਸਾਰ ਵਿਚ ਹੋਣ ਦਾ ਪਤਾ ਚੱਲਿਆ ਸੀ।
ਚੰਡੀਗੜ੍ਹ ਪੁਲਿਸ ਨੇ ਹਿਸਾਰ ਐੱਸਟੀਐੱਫ ਤੋਂ ਮਦਦ ਮੰਗੀ। ਦੋਵੇਂ ਬਦਮਾਸ਼ ਸਪਲੈਂਡਰ ਬਾਈਕ ’ਤੇ ਰੇਡ ਸਕਵੇਅਰ ਮਾਰਕੀਟ ਆਏ ਸਨ। ਇੱਥੋਂ ਨਿਕਲੇ ਤਾਂ ਪੁਲਿਸ ਨੇ ਇਨ੍ਹਾਂ ਦਾ ਪਿੱਛਾ ਕੀਤਾ। ਪੁਲਿਸ ਨੂੰ ਦੇਖ ਕੇ ਦੋਵੇਂ ਸਾਊਥ ਬਾਈਪਾਸ ਤੋਂ ਹੁੰਦੇ ਹੋਏ ਪੀਰਾਵਾਲੀ ਦੇ ਕੱਚੇ ਰਾਹ ’ਤੇ ਭੱਜਣ ਲੱਗੇ। ਅਚਾਨਕ ਬਾਈਕ ਟੋਏ ਵਿਚ ਡਿਗ ਗਈ। ਪੁਲਿਸ ਦੇਖ ਕੇ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵੀ ਫਾਇਰਿੰਗ ਕੀਤੀ ਤੇ ਦੋਵਾਂ ਬਦਮਾਸ਼ਾਂ ਦੇ ਖੱਬੇ ਪੈਰ ’ਤੇ ਗੋਲੀ ਲੱਗੀ।