ਫੈਕਟ ਸਮਾਚਾਰ ਸੇਵਾ
ਸ਼੍ਰੀ ਕੀਰਤਪੁਰ ਸਾਹਿਬ , ਜਨਵਰੀ 13
ਬੀਤੇ ਦਿਨੀਂ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਜਿਨ੍ਹਾਂ ਦੀਆਂ ਅਸਥੀਆਂ ਅੱਜ ਪਰਿਵਾਰ ਵੱਲੋਂ ਗੁਰਦੁਆਰਾ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰਪ੍ਰੀਤ ਗੋਗੀ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਸਨ ਅਤੇ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਸਨ। ਉਨਾਂ ਕਿਹਾ ਕਿ ਗੁਰਪ੍ਰੀਤ ਗੋਗੀ ਦਾ ਅਚਾਨਕ ਇਸ ਦੁਨੀਆ ਤੋਂ ਚੱਲੇ ਜਾਣਾ ਬਹੁਤ ਦੁਖਦਾਈ ਹੈ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਗੋਗੀ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਗਏ ਸਨ। ਸਵ: ਗੋਗੀ ਹਮੇਸ਼ਾ ਲੋਕਾਂ ਨਾਲ ਦੁੱਖ-ਸੁੱਖ ਦੇ ਸਾਥੀ ਵਜੋਂ ਵਿਚਰਦੇ ਰਹੇ ਹਨ ਤੇ ਲੋਕ ਵੀ ਉਨ੍ਹਾਂ ਦੇ ਲੋਕਪੱਖੀ ਕੰਮਾਂ ਤੋਂ ਖੁਸ਼ ਨਜ਼ਰ ਆਉਂਦੇ ਸਨ। ਇਸ ਮੌਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਡਾ. ਸੁਖਚੈਨ ਸਿੰਘ ਗੋਗੀ, ਸਵਰਾਜ ਸਿੰਘ ਬੱਸੀ, ਨਵਨੀਤ ਕੌਰ ਬੱਸੀ, ਡਾ. ਗੀਤਾ ਬੱਸੀ, ਰਣਧੀਰ ਬੱਸੀ, ਵਿਸ਼ਾਲ ਬੱਤਾ, ਰਜਿੰਦਰ ਬੱਤਾ, ਤਨਵੀਰ ਸਿੰਘ ਧਾਲੀਵਾਲ, ਗੁਰਪ੍ਰੀਤ ਬੱਬਲ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ, ਮਾਤਾ ਬਲਵਿੰਦਰ ਕੌਰ ਬੈਂਸ, ਮਾਰਕਿਟ ਕਮੇਟੀ ਚੇਅਰਮੈਨ ਕਮਿੱਕਰ ਸਿੰਘ ਡਾਢੀ, ਟਰੱਕ ਯੂਨੀਅਨ ਪ੍ਰਧਾਨ ਤਰਲੋਚਨ ਸਿੰਘ ਲੋਚੀ,ਬਲਾਕ ਪ੍ਰਧਾਨ ਜਗੀਰ ਸਿੰਘ ਭਾਓਵਾਲ, ਬਲਾਕ ਪ੍ਰਧਾਨ ਜੁਝਾਰ ਮੁਲਤਾਨੀ, ਜਿਲਾ ਵਪਾਰ ਮੰਡਲ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਅਰੋੜਾ, ਨਿਤਿਨ ਸ਼ਰਮਾ, ਅੰਕੁਸ਼ ਪਾਠਕ ਅਤੇ ਹੋਰ ਮੌਜੂਦ ਸਨ।