View in English:
December 30, 2024 11:01 pm

ਗੁਰਦਾਸ ਮਾਨ ਦੇ ਜੀਵਨ ‘ਤੇ ਇੱਕ ਝਾਤ

ਫੈਕਟ ਸਮਾਚਾਰ ਸੇਵਾ

ਦਸੰਬਰ 4

ਪੰਜਾਬੀ ਦੇ ਜਾਣੇ- ਪਛਾਣੇ ਕਲਾਕਾਰ ਗੁਰਦਾਸ ਮਾਨ ਕਈ ਕਲਾਵਾਂ ਕਰਕੇ ਜਾਣੇ ਜਾਂਦੇ ਹਨ। ਗੁਰਦਾਸ ਮਾਨ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬਤੌਰ ਗਾਇਕ, ਗੀਤਕਾਰ, ਅਦਾਕਾਰ ਅਤੇ ਪ੍ਰੋਡਿਊਸਰ ਵਜੋਂ ਜਾਣਦੇ ਹਨ। ਪੰਜਾਬ ਦੇ ਪਿੰਡ ਗਿੱਦੜਬਾਹਾ ਵਿੱਚ ਪੈਦਾ ਹੋਏ ਗੁਰਦਾਸ ਮਾਨ ਅੱਜ ਕੱਲ ਮੁੰਬਈ ਅਤੇ ਪੰਜਾਬ ਦੇ ਮੋਹਾਲੀ ਵਿਚ ਰਹਿੰਦੇ ਹਨ। 40 ਸਾਲ ਤੋਂ ਵੱਧ ਸਮੇਂ ਤੋਂ ਗੁਰਦਾਸ ਮਾਨ ਮਨੋਰੰਜਨ ਇੰਡਸਟਰੀ ਵਿੱਚ ਸਰਗਰਮ ਹਨ। ਕਈ ਨਵੇਂ ਕਲਾਕਾਰ ਉਨ੍ਹਾਂ ਨੂੰ ਪ੍ਰੇਰਣਾ ਦੱਸਦੇ ਹਨ। ਪੂਰੀ ਦੁਨੀਆਂ ਵਿੱਚ ਵੱਖ-ਵੱਖ ਮੁਲਕਾਂ ’ਚ ਪਰਫੌਰਮ ਕਰਨ ਵਾਲੇ ਗੁਰਦਾਸ ਮਾਨ ਨੂੰ ਹਰ ਉਮਰ ਵਰਗ ਦੇ ਲੋਕ ਸੁਣਦੇ ਹਨ। 60 ਸਾਲਾਂ ਤੋ ਵੱਧ ਦੇ ਗੁਰਦਾਸ ਮਾਨ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਆਓ ਜਾਣਦੇ ਹਾਂ ਗੁਰਦਾਸ ਮਾਨ ਦੇ ਜ਼ਿੰਦਗੀ ਨਾਲ ਜੁੜੇ ਸੱਤ ਅਹਿਮ ਪੜਾਅ ਬਾਰੇ…

ਗੁਰਦਾਸ ਮਾਨ – ਅਧਿਆਪਕ ਤੋਂ ਕਲਾਕਾਰ ਬਣਨ ਤੱਕ

ਗੁਰਦਾਸ ਮਾਨ ਦਾ ਜਨਮ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਗਿੱਦੜਬਾਹਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਗੁਰਦੇਵ ਸਿੰਘ ਅਤੇ ਮਾਂ ਦਾ ਨਾਮ ਤੇਜ ਕੌਰ ਹੈ। ਗਿੱਦੜਬਾਹਾ ਤੋਂ ਸਕੂਲੀ ਪੜ੍ਹਾਈ ਕਰਨ ਵਾਲੇ ਗੁਰਦਾਸ ਨੇ ਕਾਲਜ ਲਈ ਮਲੋਟ ਦਾ ਰੁਖ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਬੀਏ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸਰੀਰਕ ਸਿੱਖਿਆ ਕਾਲਜ, ਪਟਿਆਲਾ ਤੋਂ ਕੀਤੀ। ਪਟਿਆਲਾ ਵਿੱਚ ਹੀ ਫਿਜ਼ੀਕਲ ਐਜੂਕੇਸ਼ਨ ਵਿੱਚ ਐੱਮਏ ਦੀ ਪੜ੍ਹਾਈ ਕਰਨ ਵਾਲੇ ਗੁਰਦਾਸ ਕੁਝ ਸਮਾਂ ਸਰੀਰਕ ਸਿੱਖਿਆ ਦੇ ਅਧਿਆਪਕ ਵੀ ਰਹੇ। ਉਨ੍ਹਾਂ ਕੁਝ ਸਮਾਂ ਕੁਸ਼ਤੀ, ਜਿਮਨਾਸਟਿਕ ਅਤੇ ਜੁੱਡੋ ਕਰਾਟੇ ਵਿੱਚ ਵੀ ਹੱਥ ਅਜ਼ਮਾਇਆ। ਉਨ੍ਹਾਂ ਕੋਲ ਜੁੱਡੋ ਕਰਾਟੇ ਵਿੱਚ ਬਲੈਕ ਬੈਲਟ ਹੈ। ਉਨ੍ਹਾਂ ਕੁਝ ਸਮਾਂ ਪੰਜਾਬ ਬਿਜਲੀ ਬੋਰਡ ਵਿੱਚ ਨੌਕਰੀ ਵੀ ਕੀਤੀ।

ਇੱਕ ਇੰਟਰਵਿਊ ਦੌਰਾਨ ਉਹ ਕਹਿੰਦੇ ਹਨ ਕਿ ‘‘ਮੈਨੂੰ ਬਚਪਨ ਨਹੀਂ ਭੁੱਲਦਾ, ਕੁਦਰਤ ਨੇ ਮੇਰੇ ਅੰਦਰ ਚਿੱਪ ਪਾਈ ਤੇ ਕੁਝ ਫੀਡ ਕੀਤਾ।‘’ ‘’ਮੇਰੇ ਹਿੱਸੇ ਉਸਤਾਦ ਵੀ ਨਹੀਂ ਆਏ ਪਰ ਰੇਡੀਓ, ਟੀਵੀ ਸੁਣਿਆ ਦੇਖਿਆ ਅਤੇ ਚੀਜ਼ਾਂ ਨੂੰ ਸਮਝਿਆ। ਖੁਦ ਉੱਤੇ ਕੰਮ ਕੀਤਾ ਤੇ ਕਲਾ ’ਚ ਨਿਖਾਰ ਆਉਂਦਾ ਗਿਆ। ਬਚਪਨ ’ਚ ਸੰਗੀਤ ਅਤੇ ਨਾਟਕ ਉੱਤੇ ਧਿਆਨ ਰਿਹਾ।’’

ਗੁਰਦਾਸ ਮਾਨ ਦੱਸਦੇ ਹਨ ਕਿ ਉਹ ਨਾਟਕਕਾਰ ਹਰਪਾਲ ਟਿਵਾਣਾ ਤੋਂ ਕਾਫ਼ੀ ਮੁਤਾਸਿਰ ਰਹੇ ਅਤੇ ਉਨ੍ਹਾਂ ਨਾਲ ਨਾਟਕ ਵੀ ਕੀਤੇ। ਹਰਪਾਲ ਟਿਵਾਣਾ ਵੱਲੋਂ ਸੁਰਖ਼ ਗੁਲਾਬ ਕੀ ਬੇਟੀ ਨਜ਼ਮ ਨੂੰ ਨਾਟਕ ਵਿੱਚ ਤਬਦੀਲ ਕੀਤਾ ਗਿਆ ਅਤੇ ਗੁਰਦਾਸ ਨੇ ਇਸ ਨਾਟਕ ਸਣੇ ਹਿੰਦ ਦੀ ਚਾਦਰ ਵਿੱਚ ਬਤੌਰ ਸੂਫ਼ੀ ਫ਼ਕੀਰ ਦੀ ਭੂਮਿਕਾ ਅਦਾ ਕੀਤੀ। ਪਾਕਿਸਤਾਨ ਵਿੱਚ ਪਿਆਰ ਤੇ ਦਿਵਾਨਗੀ ਨੂੰ ਲੈ ਕੇ ਉਹ ਕਹਿੰਦੇ ਹਨ ਕਿ ਪਿਆਰ ਦੀ ਕੋਈ ਸਰਹੱਦ ਨਹੀਂ। ਉਨ੍ਹਾਂ ਮੁਤਾਬਕ ਕਲਾਕਾਰੀ ਵਿੱਚ ਉਨ੍ਹਾਂ ਨੂੰ ਪੁੱਤਰ ਗੁਰਇੱਕ ਮਾਨ ਸਲਾਹ ਦਿੰਦਾ ਹੈ। ਉਹ ਦੱਸਦੇ ਹਨ ਕਿ ‘‘ਕੁਝ ਗਾਣਾ, ਲਿਖਣਾ ਤੇ ਨੱਚਣਾ ਆਉਂਦਾ ਸੀ, ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੁਮੇਲ ਗੁਰਦਾਸ ਹੈ, ਹੋਰ ਕੁਝ ਵੀ ਨਹੀਂ ਹੈ।’’ ਉਨ੍ਹਾਂ ਮੁਤਾਬਕ ਹਰਪਾਲ ਟਿਵਾਣਾ ਥੀਏਟਰ ਦੇ ਗੁਰੂ ਹਨ ਅਤੇ ਗਵਾਲੀਅਰ ਘਰਾਣੇ ਦੇ ਪੰਡਿਤ ਆਤਮ ਪ੍ਰਕਾਸ਼ ਨਾਲ ਪਟਿਆਲਾ ਵਿੱਚ ਉਨ੍ਹਾਂ ਕੁਝ ਸਮਾਂ ਬਿਤਾਇਆ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਦਾਦਾ ਨੱਚਣ-ਗਾਉਣ ਦੇ ਖਿਲਾਫ਼ ਸੀ ਅਤੇ ਚਾਹੁੰਦੇ ਸਨ ਕਿ ਗੁਰਦਾਸ ਨੌਕਰੀ ਕਰਨ। ਗੁਰਦਾਸ ਮਾਨ ਦੀ ਪਤਨੀ ਮਨਜੀਤ ਮਾਨ ਇੱਕ ਪ੍ਰੋ਼ਡਿਊਸਰ ਹਨ ਅਤੇ ਪਤੀ ਦਾ ਕੰਮ ਕਾਜ ਦੇਖਦੇ ਹਨ। ਇਨ੍ਹਾਂ ਦਾ ਪੁੱਤਰ ਗੁਰਇੱਕ ਮਾਨ ਫ਼ਿਲਮ ਅਤੇ ਵੀਡੀਓ ਡਾਇਰੈਕਟਰ ਹੈ।

ਰਾਮਲੀਲਾ ਵਿੱਚ ਪਹਿਲੀ ਵਾਰ ਗਾਣਾ ਗਾਇਆ

ਗੁਰਦਾਸ ਦੱਸਦੇ ਹਨ ਕਿ ‘‘ਸਭ ਤੋਂ ਪਹਿਲਾਂ ਉਨ੍ਹਾਂ ਰਾਮਲੀਲਾ ਵਿੱਚ ਗਾਇਆ ਸੀ, ਛੋਟੇ ਹੁੰਦਿਆਂ ਚਾਚਾ ਨੇ ਸਟੇਜ ਉੱਤੇ ਚੜ੍ਹਾ ਦਿੱਤਾ ਸੀ। ਸੀਨ ਦੀ ਤਿਆਰੀ ਚੱਲ ਰਹੀ ਸੀ ਅਤੇ ਕਹਿੰਦੇ ਸਾਡੇ ਮੁੰਡੇ ਤੋਂਂ ਗਵਾ ਲਓ।’’ ਆਪਣੀ ਸਟੇਜ ਉੱਤੇ ਹੁੰਦੀ ਪੇਸ਼ਕਾਰੀ ਬਾਰੇ ਗੁਰਦਾਸ ਮਾਨ ਗੱਲ ਕਰਦਿਆਂ ਗੀਤਾਂ ਦੀ ਚੋਣ ਬਾਰੇ ਵੀ ਉਹ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਅਰਦਾਸ ਤਾਂ ਹੋਣੀ ਹੀ ਹੁੰਦੀ ਹੈ, ਫ਼ਿਰ ਇਸ਼ਕ ਦਾ ਗਿੜਦਾ ਜਾਂ ਛੱਲਾ, ਇਹ ਤਿੰਨ ਪੱਕੇ ਹਨ। 60 ਸਾਲ ਤੋਂ ਵੱਧ ਦੀ ਉਮਰ ਦੇ ਗੁਰਦਾਸ ਮਾਨ ਇਸ ਉਮਰ ਵਿੱਚ ਵੀ ਜਵਾਨੀ ਸਮੇਂ ਦੇ ਜੋਸ਼ ਅਤੇ ਜਜ਼ਬੇ ਨਾਲ ਆਪਣੇ ਚਾਹੁਣ ਵਾਲਿਆਂ ਲਈ ਪੇਸ਼ਕਾਰੀ ਰਾਹੀਂ ਮਨੋਰੰਜਨ ਕਰਦੇ ਹਨ।

ਨਕੋਦਰ ਡੇਰੇ ਦੇ ਮੁਰੀਦ ਗੁਰਦਾਸ

ਗੁਰਦਾਸ ਮਾਨ ਜਲੰਧਰ ਜ਼ਿਲ੍ਹੇ ਦੇ ਨਕੋਦਰ ਸ਼ਹਿਰ ਵਿੱਚ ਪੈਂਦੇ ਡੇਰਾ ਬਾਬਾ ਮੁਰਾਦ ਸ਼ਾਹ ਦੇ ਮੁਰੀਦ ਹਨ। ਇਹ ਡੇਰਾ ਜਲੰਧਰ ਤੋਂ 24 ਕਿਲੋਮੀਟਰ ਦੇ ਫ਼ਾਸਲੇ ਉੱਤੇ ਸਥਿਤ ਹੈ। ਗੁਰਦਾਸ ਮਾਨ ਦੀ ਇਸ ਡੇਰੇ ਪ੍ਰਤੀ ਕਾਫ਼ੀ ਸ਼ਰਧਾ ਅਤੇ ਵਿਸ਼ਵਾਸ ਮੰਨਿਆ ਜਾਂਦਾ ਹੈ।

ਗੁਰਦਾਸ ਮਾਨ ਇਸ ਵੇਲੇ ਇਸ ਡੇਰੇ ਦੇ ਮੁੱਖ ਪ੍ਰਬੰਧਕ ਹਨ ਅਤੇ ਸਾਲ ਵਿੱਚ ਦੋ ਵਾਰ ਲੱਗਣ ਵਾਲੇ ਮੇਲੇ ਵਿੱਚ ਖ਼ਾਸ ਤੌਰ ਉੱਤੇ ਸ਼ਿਰਕਤ ਕਰਦੇ ਹਨ। ਉਹ ਕਹਿੰਦੇ ਹਨ, ‘‘ਨਕੋਦਰ ਵਿੱਚ ਮੇਰੇ ਪੀਰ-ਓ-ਮੁਰਸ਼ਦ, ਸਾਈਂ, ਗੁਰੂ ਹਨ।’’ ਗੁਰਦਾਸ ਮਾਨ ਨੇ ਆਪਣੇ ਪ੍ਰੋਡਕਸ਼ਨ ਹਾਊਸ ਦਾ ਨਾਮ ਵੀ ਸਾਈਂ ਪ੍ਰੋਡਕਸ਼ਨਜ਼ ਰੱਖਿਆ ਹੈ, ਇਸ ਬੈਨਰ ਹੇਠਾਂ ਉਹ ਕਈ ਪੰਜਾਬੀ ਫ਼ਿਲਮਾਂ ਪ੍ਰੋਡਿਊਸ ਕਰ ਚੁੱਕੇ ਹਨ।

ਗੁਰਦਾਸ ਮਾਨ ਨਾਲ ਜੁੜੇ ਵਿਵਾਦ

ਗੁਰਦਾਸ ਮਾਨ ਨਾਲ ਹਾਲ ਹੀ ਦੇ ਸਾਲਾਂ ਵਿੱਚ ਦੋ ਵਿਵਾਦ ਵੀ ਜੁੜੇ ਹਨ। ਇਨ੍ਹਾਂ ਵਿੱਚ ਇੱਕ ਪੰਜਾਬੀ ਭਾਸ਼ਾ ਨੂੰ ਲੈ ਕੇ ਹੈ ਅਤੇ ਦੂਜਾ ਸਿੱਖ ਗੁਰੂ ਬਾਰੇ ਬਿਆਨ ਨੂੰ ਲੈ ਕੇ ਹੈ।

2019 ਵਿੱਚ ਗੁਰਦਾਸ ਮਾਨ ਨੇ ਆਪਣੇ ਕੈਨੇਡਾ ਟੂਰ ਦੌਰਾਨ ਕੈਨੇਡਾ ਦੇ ਰੈੱਡ ਐੱਫ਼ ਐੱਮ ਰੇਡੀਏ ਦੇ ਇੱਕ ਸ਼ੋਅ ਵਿੱਚ ਇੰਟਰਵਿਊ ਦੌਰਾਨ ‘ਇੱਕ ਰਾਸ਼ਟਰ, ਇੱਕ ਭਾਸ਼ਾ’ ਬਾਰੇ ਬਿਆਨ ਦਿੱਤਾ ਸੀ।

ਇਸ ਸ਼ੋਅ ਦੌਰਾਨ ‘ਇੱਕ ਰਾਸ਼ਟਰ, ਇੱਕ ਭਾਸ਼ਾ’ ਦੇ ਵਿਚਾਰ ਦਾ ਸਮਰਥਨ ਕਰਕੇ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਸ ਬਿਆਨ ਤੋਂ ਬਾਅਦ ਹੀ ਉਨ੍ਹਾਂ ਦੀ ਕੈਨੇਡਾ ਵਿੱਚ ਖ਼ਾਸ ਤੌਰ ਉੱਤੇ ਮੁਖ਼ਾਲਫ਼ਤ ਹੋਣ ਲੱਗੀ, ਕਈ ਥਾਂ ਮੁਜ਼ਾਹਰੇ ਵੀ ਹੋਏ।

ਵੈਨਕੂਵਰ ਵਿੱਚ ਇੱਕ ਸ਼ੋਅ ਦੌਰਾਨ ਗੁਰਦਾਸ ਮਾਨ ਖ਼ਿਲਾਫ਼ ਨਾਅਰੇ ਲਾਉਂਦੇ ਕੁਝ ਲੋਕਾਂ ਨੂੰ ਉਨ੍ਹਾਂ ਨੇ ਸਟੇਜ ਤੋਂ ਅਪਸ਼ਬਦ ਕਹੇ ਤਾਂ ਮਾਮਲਾ ਅੱਗੇ ਵੱਧ ਗਿਆ। ਇਸ ਘਟਨਾ ਦਾ ਨਤੀਜਾ ਇਹ ਹੋਇਆ ਕਿ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਜਦੋਂ ਗੁਰਦਾਸ ਮਾਨ ਪਹੁੰਚੇ ਤਾਂ ਉਨ੍ਹਾਂ ਨੂੰ ਸਟੇਜ ਉੱਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ।

ਹਾਲੇ ਭਾਸ਼ਾ ਨੂੰ ਲੈ ਕੇ ਦਿੱਤੇ ਬਿਆਨ ਵਾਲਾ ਵਿਚਾਰ ਠੰਡਾ ਵੀ ਨਹੀਂ ਹੋਇਆ ਸੀ ਕਿ ਦੋ ਸਾਲ ਬਾਅਦ ਇੱਕ ਹੋਰ ਵਿਵਾਦ ਗੁਰਦਾਸ ਮਾਨ ਨਾਲ ਜੁੜ ਗਿਆ। 2021 ਵਿੱਚ ਗੁਰਦਾਸ ਮਾਨ ਉੱਤੇ ਇਲਜ਼ਾਮ ਲੱਗਿਆ ਕਿ ਉਨ੍ਹਾਂ ਮੰਚ ਤੋਂ ਸਿੱਖਾਂ ਦੇ ਤੀਜੇ ਗੁਰੂ (ਗੁਰੂ ਅਮਰ ਦਾਸ) ਦੀ ਤੁਲਨਾ ਕਿਸੇ ਹੋਰ ਨਾਲ ਕੀਤੀ। ਇੱਕ ਵੀਡੀਓ ਵਿੱਚ ਉਹ ਕਹਿੰਦੇ ਸੁਣੇ ਜਾ ਰਹੇ ਸਨ ਕਿ ਨਕੋਦਰ ਡੇਰੇ ਦੇ ਸਾਈਂ ਸਿੱਖਾਂ ਦੇ ‘ਤੀਜੇ ਗੁਰੂ ਦੇ ਅੰਸ਼-ਵੰਸ਼’ ਹਨ। ਇਸ ਮਸਲੇ ਉੱਤੇ ਸਿੱਖ ਸੰਗਠਨਾਂ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ, ਪੁਲਿਸ ਕਾਰਵਾਈ ਦੀ ਮੰਗ ਵੀ ਕੀਤੀ।
ਆਖ਼ਿਰਕਾਰ ਗੁਰਦਾਸ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਜੇ ਉਨ੍ਹਾਂ ਵੱਲੋਂ ਕਿਸੇ ਨੂੰ ਠੇਸ ਪਹੁੰਚੀ ਤਾਂ ਉਹ ਮਾਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ‘‘ਆਪਣੇ ਗੁਰੂਆਂ ਦੇ ਅਪਮਾਨ ਬਾਰੇ ਗੱਲ ਕਦੇ ਵੀ ਨਹੀਂ ਹੋ ਸਕਦੀ, ਗੁਰੂ ਸਾਹਿਬਾਨਾਂ ਦੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ।’’

ਗੁਰਦਾਸ ਮਾਨ – ਗਾਇਕ, ਗੀਤਕਾਰ ਤੇ ਅਦਾਕਾਰ

ਗੁਰਦਾਸ ਮਾਨ ਜਿੱਥੇ ਹਰ ਦੌਰ ਵਿੱਚ ਗਾਏ ਅਤੇ ਲਿਖੇ ਆਪਣੇ ਗੀਤਾਂ ਕਰਕੇ ਮਸ਼ਹੂਰ ਹੋਏ ਹਨ, ਉੱਥੇ ਹੀ ਉਨ੍ਹਾਂ ਨੇ ਫ਼ਿਲਮਾਂ ਵਿੱਚ ਬਤੌਰ ਅਦਾਕਾਰ ਵੀ ਆਪਣੀ ਪਛਾਣ ਕਾਇਮ ਕੀਤੀ ਹੈ। 1980 ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਗੁਰਦਾਸ ਮਾਨ ਨੇ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ।

Leave a Reply

Your email address will not be published. Required fields are marked *

View in English