ਫੈਕਟ ਸਮਾਚਾਰ ਸੇਵਾ
ਡੇਰਾ ਬਾਬਾ ਨਾਨਕ , ਅਕਤੂਬਰ 17
ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਦੇ ਹੱਕ ਵਿੱਚ ਨਿਤਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ, ਵਿਰਸਾ ਸਿੰਘ ਵਲਟੋਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਆਈਟੀ ਵਿੰਗ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਡੀਜੀਪੀ ਪੰਜਾਬ ਨੂੰ ਪੱਤਰ ਲਿਖਿਆ ਹੈ। ਪਾਰਲੀਮੈਂਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਡੀਜੀਪੀ ਪੰਜਾਬ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ ਇੱਕ ਦੋ ਦਿਨਾਂ ਤੋਂ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰਨਾਂ ਤਖ਼ਤ ਸਹਿਬਾਨ ਤੇ ਉਸਦੇ ਸਤਿਕਾਰਤ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜੋ ਅਪਮਾਨ ਜਨਕ ਸ਼ਬਦਾਵਲੀ ਵਰਤੀ ਗਈ, ਉਹਨਾਂ ਵਿਰੁੱਧ ਜਾਤੀ ਸੂਚਕ ਵਰਤੇ ਗਏ, ਉਹਨਾਂ ਦੀਆਂ ਧੀਆਂ ਬਾਰੇ ਮਾੜੇ ਸ਼ਬਦ ਬੋਲੇ ਗਏ ਜੋ ਸਿੱਖ ਕੌਮ ਨੂੰ ਪ੍ਰਵਾਨਿਤ ਨਹੀਂ।
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਰੇ ਮਨ ਨਾਲ ਜਜ਼ਬਾਤੀ ਹੋ ਕੇ ਮੀਡੀਆ ਵਿੱਚ ਰੂਬਰੂ ਹੋ ਕੇ ਦੱਸਿਆ ਜਿਸ ਨਾਲ ਇੱਕੱਲਾ ਮੇਰਾ ਹੀ ਨਹੀਂ ਸਮੁੱਚੀ ਸਿੱਖ ਕੌਮ ਦਾ ਹਿਰਦਾ ਧੁਰ ਅੰਦਰ ਤੱਕ ਵਲੂੰਧਰਿਆ ਗਿਆ। ਜੱਥੇਦਾਰ ਸਾਹਿਬ ਨੇ ਬੋਲਦਿਆਂ ਵਿਰਸਾ ਸਿੰਘ ਵਲਟੋਹਾ ਤੇ ਅਤਿ ਘਟੀਆ ਸ਼ਬਦਾਵਲੀ ਵਰਤਣ ਡਰਾਉਣ ਧਮਕਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਘਟਨਾਕ੍ਰਮ ਪਿੱਛੇ ਵੱਡਾ ਹੱਥ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ / ਆਈ ਟੀ ਵਿੰਗ ਦਾ ਹੈ ਜਿਸ ਨੇ ਮੇਰੀ, ਮੇਰੇ ਪਰਿਵਾਰ ਦੀ, ਮੇਰੀ ਜਾਤੀ, ਮੇਰੀਆਂ ਧੀਆਂ ਤੇ ਸਿੱਖਾਂ ਦੇ ਤਖ਼ਤ ਸਹਿਬਾਨ ਦੀ ਕਿਰਦਾਰਕੁਰਸੀ ਕਰਨ ਦੀ ਘਿਨਾਉਣੀ ਹਰਕਤ ਕੀਤੀ ਹੈ, ਜਿਸਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਇਸ ਲਈ ਮੈਂ ਆਪਣੇ ਆਹੁਦੇ ਤੋਂ ਅਸਤੀਫ਼ਾ ਦੇ ਰਿਹਾਂ ਹਾਂ।