ਤੰਦਰੁਸਤ ਸ਼ਰੀਰ ਨਾਲ ਮਿਲਦੀ ਹੈ ਜੀਵਨ ਵਿੱਚ ਤਰੱਕੀ – ਹਰਚੰਦ ਸਿੰਘ ਬਰਸਟ
— ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ
ਪਟਿਆਲਾ/ਚੰਡੀਗੜ੍ਹ, 9 ਨਵੰਬਰ, 2024 ( ) – ਬੱਚੇ ਅਤੇ ਨੌਜਵਾਨ ਪੰਜਾਬ ਅਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਖੇਡਾਂ ਸਭ ਤੋਂ ਵਧਿਆ ਰਾਹ ਹਨ। ਸਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸਾਹਿਤ ਕਰਨ, ਤਾਂ ਜੋ ਉਹ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਮ ਦੇਸ਼ ਅਤੇ ਦੁਨਿਆ ਵਿੱਚ ਰੋਸ਼ਨ ਕਰ ਸਕਣ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ, ਆਮ ਆਦਮੀ ਪਾਰਟੀ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਰਚਰੀ ਫੀਲਡ ਵਿਖੇ ਖੇਡਾਂ ਵਤਨ ਪੰਜਾਬ ਦੀਆਂ-2024 ਸੀਜਨ – 3 ਤਹਿਤ ਆਯੋਜਿਤ ਤੀਰਅੰਦਾਜੀ ਦੇ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਬੱਚਿਆਂ ਵੱਲੋਂ ਖੇਡਾਂ ਵਿੱਚ ਭਾਗ ਲੈਣ ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਬੱਚਿਆਂ ਦੇ ਚਹੂੰ ਪੱਖੀ ਵਿਕਾਸ ਲਈ ਖੇਡਾਂ ਵਿੱਚ ਭਾਗ ਲੈਣਾ ਬਹੁਤ ਜਰੂਰੀ ਹੈ। ਕਿਉਂਕਿ ਜੇ ਤੁਸੀਂ ਤੰਦਰੁਸਤ ਹੋ, ਤਾਂ ਹਰ ਖੇਤਰ ਵਿੱਚ ਵੱਧ ਤਰੱਕੀ ਹਾਸਲ ਕਰ ਸਕਦੇ ਹੋ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਮੰਡੀ ਬੋਰਡ ਵੱਲੋਂ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਵੱਡੇ-ਵੱਡੇ ਕਵਰ ਸ਼ੈੱਡ ਬਣੇ ਹੋਏ ਹਨ, ਜੋ ਝੋਨੇ ਅਤੇ ਕਣਕ ਦੇ ਸੀਜ਼ਨ ਵੇਲੇ ਹੀ ਵਰਤੋਂ ਵਿੱਚ ਆਉਂਦੇ ਹਨ ਤੇ ਬਾਕੀ ਸਮੇਂ ਖਾਲੀ ਰਹਿੰਦੇ ਸਨ। ਇਸ ਲਈ ਬੱਚਿਆਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਆਫ਼ ਸੀਜ਼ਨ ਦੌਰਾਨ ਮੰਡੀਆਂ ਦੇ ਕਵਰ ਸ਼ੈੱਡਾਂ ਨੂੰ ਵੱਖ-ਵੱਖ ਇੰਨਡੋਰ ਖੇਡਾਂ ਦੀ ਸਿਖਲਾਈ ਦੇਣ ਲਈ ਵਰਤੋਂ ਵਿੱਚ ਲਿਆਉਣ ਦੀ ਯੋਜਨਾ ਤਹਿਤ ਮੰਡੀਆਂ ਵਿੱਚ ਵੱਖ-ਵੱਖ ਖੇਡਾਂ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸਦੇ ਤਹਿਤ ਰਾਮਪੁਰਾ ਫੂਲ ਵਿਖੇ ਸਕੇਟਿੰਗ, ਸੁਲਤਾਨਪੁਰ ਲੋਧੀ ਤੇ ਮਲੋਟ ਵਿਖੇ ਬਾਸਕਿਟ ਬਾਲ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੈਡਮਿੰਟਨ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਪੰਜਾਬ ਦੀਆਂ ਹੋਰਨਾਂ ਮੰਡੀਆਂ ਵਿੱਚ ਵੀ ਇਸੇ ਤਰ੍ਹਾਂ ਆਫ ਸੀਜਨ ਦੌਰਾਨ ਇਨਡੋਰ ਖੇਡਾਂ ਦੀ ਟ੍ਰੇਨਿੰਗ ਸੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਰਦਾਸ ਕੀਤੀ ਕਿ ਪਰਮਾਤਮਾ ਉਨ੍ਹਾਂ ਨੂੰ ਜੀਵਨ ਵਿੱਚ ਤਰੱਕੀਆਂ ਬਖਸ਼ੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਬੱਚੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਧੱਰ ਦੇ ਮੁਕਾਬਲਿਆਂ ਵਿੱਚ ਚੰਗਾ ਪ੍ਰਦਸ਼ਨ ਕਰਕੇ ਪੂਰੀ ਦੁਨਿਆ ਵਿੱਚ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ। ਅੰਤ ਵਿੱਚ ਮੁੱਖ ਮਹਿਮਾਨ ਵੱਲੋਂ ਸਾਰੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤੀ ਗਿਆ।
ਟੂਰਨਾਮੈਂਟ ਵਿੱਚ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ 713 ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਦਰੋਣਾਚਾਰਿਆ ਐਵਾਰਡੀ ਸ. ਜੀਵਨਜੋਤ ਸਿੰਘ ਤੇਜਾ ਨੈਸ਼ਨਲ ਕੋਚ ਟੀਮ ਇੰਡੀਆ, ਸ੍ਰੀ ਰਵਿੰਦਰ ਕੁਮਾਰ ਬੱਲੀ ਪ੍ਰਧਾਨ ਪੰਜਾਬ ਆਰਚਰੀ ਐਸੋਸੀਏਸ਼ਨ, ਅਰਜੁਨ ਐਵਾਰਡੀ ਸ. ਹਰਵਿੰਦਰ ਸਿੰਘ ਧੰਜੂ, ਪੈਰਾ ਨੈਸ਼ਨਲ ਟੀਮ ਕੋਚ ਸ੍ਰੀ ਗੌਰਵ ਸ਼ਰਮਾ ਸਮੇਤ ਸ੍ਰੀ ਅੰਕੁਸ਼ ਸ਼ਰਮਾ, ਸ. ਸੁਖਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਅਤੇ ਸ੍ਰੀ ਰਵਿੰਦਰ ਕੁਮਾਰ ਮੌਜੂਦ ਰਹੇ।