View in English:
June 29, 2024 9:56 am

ਖੇਡਾਂ ਨਾਲ ਜੁੜ ਕੇ ਰਾਜ ਸਰਕਾਰ ਦੀ ਨਵੀਂ ਖੇਡ ਪਾਲਿਸੀ ਦਾ ਲਾਹਾ ਲੈਣ ਨੌਜਵਾਨ : ਡਿਪਟੀ ਕਮਿਸ਼ਨਰ

ਫੈਕਟ ਸਮਾਚਾਰ ਸੇਵਾ

ਮਾਨਸਾ, ਜੂਨ 25

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਨੂੰ ਲੈ ਕੇ ਵਿੱਢੀ ਮੁਹਿੰਮ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਪੁਲਿਸ, ਮਾਨਸਾ ਨੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਨੌਜਵਾਨ ਪੀੜ੍ਹੀ ਨੂੰ ਨਸ਼ਾ ਰਹਿਤ ਜ਼ਿੰਦਗੀ ਜਿਊਣ ਦਾ ਸੁਨੇਹਾ ਦੇਣ ਦੇ ਮੰਤਵ ਨਾਲ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਵਿਚ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਕਾਮਨਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਪੁਲਿਸ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭੈੜੀ ਬਿਮਾਰੀ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਲੈ ਕੇ ਆਉਣ ਲਈ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਰਾਜ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਮਾਨਸਾ ਵਿਖੇ ਬੈਡਮਿੰਟਨ ਸਟੇਡੀਅਮ ਦੇ ਨਵੀਨੀਕਰਨ ਦਾ ਕੰਮ ਚਲ ਰਿਹਾ ਹੈ, ਜਿੱਥੇ 5 ਬੈਡਮਿੰਟਨ ਕੋਟ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦਾ ਇਕ ਸਕੇਟਿੰਗ ਰਿੰਗ ਬਣਾਇਆ ਜਾ ਰਿਹਾ ਹੈ ਅਤੇ ਪੰਚਾਇਤ ਪੱਧਰ ’ਤੇ ਵੀ ਲੋੜ ਅਨੁਸਾਰ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਨਤੀਜੇ ਵਜ਼ੋਂ ਜ਼ਿਲ੍ਹੇ ਦੇ ਖਿਡਾਰੀਆਂ ਨੇ ਏਸ਼ੀਅਨ ਖੇਡਾਂ ਵਿਚ ਮੱਲਾਂ ਮਾਰਦਿਆਂ ਮੈਡਲ ਜਿੱਤ ਕੇ ਜ਼ਿਲ੍ਹੇ ਦੇ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਖਿਡਾਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਣਾਈ ਨਵੀਂ ਖੇਡ ਪਾਲਿਸੀ ਦਾ ਨੌਜਵਾਨਾਂ ਨੂੰ ਲਾਹਾ ਲੈਣਾ ਚਾਹੀਦਾ ਹੈ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਕਾਰਜਸ਼ੀਲ ਹੈ, ਜਿਸ ਤਹਿਤ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਇਹ ਤੀਜਾ ਖੇਡ ਟੂਰਨਾਮੈਂਟ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਿੰਡ ਪੱਧਰ ’ਤੇ ਜਨਤਕ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਦੀ ਮਾੜੀ ਅਲ੍ਹਾਮਤ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਖੇਡ ਪ੍ਰਤਿਭਾ ਨਾਲ ਜੁੜੇ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ।
ਉਨ੍ਹਾਂ ਕਿਹਾ ਕਿ ਐਂਟੀ ਡਰੱਗ ਹੈਲਪਲਾਈਨ ’ਤੇ ਨਸ਼ੇ ਖਿਲਾਫ ਕੋਈ ਵੀ ਸੂਚਨਾ ਦਿੱਤੀ ਜਾ ਸਕਦੀ ਹੈ, ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਨਿੱਜੀ ਤੌਰ ’ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡਰੱਗ ਸਪਲਾਈ ਲਾਈਨ ਨੂੰ ਤੋੜਨ ਲਈ ਇਹ ਵੀ ਇਕ ਪ੍ਰਭਾਵਸ਼ਾਲੀ ਤਰੀਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ ਅਤੇ ਅਜਿਹੇ ਭੈੜੇ ਕੰਮਾਂ ਨਾਲ ਜੁੜੇ ਮਾੜੇ ਅਨਸਰਾਂ ਬਾਰੇ ਪੁਲਿਸ ਪ੍ਰਸਾਸ਼ਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਨਸ਼ਾ ਤਸਕਰਾਂ ’ਤੇ ਕਾਰਵਾਈ ਕਰਨ ਦੇ ਨਾਲ ਖੇਡਾਂ ਵਿਚ ਰੁਚੀ ਰੱਖਦੇ ਹੋਏ ਆਪਣੀ ਸਿਹਤ ਪ੍ਰਤੀ ਹਰੇਕ ਪਿੰਡ ਪੱਧਰ ’ਤੇ ਬੱਚਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਵਾਲੀਬਾਲ ਦੇ ਮੁਕਾਬਲਿਆਂ ਦੌਰਾਨ ਅੰਡਰ-17 ਲੜਕੀਆਂ ਦਾ ਮੁਕਾਬਲਾ ਰੈਨੇਸਾ ਸਕੂਲ ਤਾਮਕੋਟ, ਕਣਕਵਾਲ ਚਹਿਲਾਂ, ਮਨੁ ਵਾਟਿਕਾ ਸਕੂਲ ਬੁਢਲਾਡਾ ਅਤੇ ਬੁਰਜ ਹਰੀ ਵਿਚਕਾਰ ਹੋਇਆ, ਜਿਸ ਵਿਚ ਪਿੰਡ ਬੁਰਜ ਹਰੀ ਨੇ ਪਹਿਲਾ, ਰੈਨੇਸਾ ਸਕੂਲ ਨੇ ਦੂਜਾ ਅਤੇ ਕਣਕਵਾਲ ਚਹਿਲਾਂ ਨੈ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-19 ਲੜਕੀਆਂ ਦਾ ਮੁਕਾਬਲਾ ਪਿੰਡ ਬੁਰਜ ਹਰੀ, ਫਫੜੇ ਭਾਈ ਕੇ, ਮਨੁ ਵਾਟਿਕਾ ਸਕੂਲ ਬੁਢਲਾਡਾ ਅਤੇ ਸੈਦੇਵਾਲਾ ਵਿਚਕਾਰ ਹੋਇਆ, ਜਿਸ ਵਿਚ ਪਿੰਡ ਬੁਰਜ ਹਰੀ ਦੀਆਂ ਖਿਡਾਰਨਾ ਨੇ ਪਹਿਲਾ, ਮਨੁ ਵਾਟਿਕਾ ਸਕੂਲ ਦੀਆਂ ਖਿਡਾਰਨਾਂ ਨੇ ਦੂਜਾ ਅਤੇ ਪਿੰਡ ਸੈਦੇਵਾਲਾ ਦੀਆਂ ਖਿਡਾਰਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-17 ਲੜਕੇ ਵਿਚ ਰੈਨੇਸਾ ਸਕੂਲ ਨੇ ਪਹਿਲਾ, ਅੱਕਾਂਵਾਲੀ ਨੇ ਦੂਜਾ, ਮੌਜੋ ਖੁਰਦ ਨੇ ਤੀਜਾ ਅਤੇ ਬੁਰਜ ਹਰੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਲੜਕਿਆਂ ਵਿਚ ਝੁਨੀਰ ਨੇ ਪਹਿਲਾ, ਮੌਜੋ ਖੁਰਦ ਨੇ ਦੂਜਾ, ਬੁਰਜ ਹਰੀ ਨੇ ਤੀਜਾ ਅਤੇ ਕੋਚਿੰਗ ਸੈਂਟਰ ਮਾਨਸਾ ਨੇ ਚੌਥਾ ਸਥਾਨ ਹਾਸਲ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐਸ.ਐਸ.ਪੀ. ਡਾ. ਨਾਨਕ ਸਿੰਘ ਅਤੇ ਐਸ.ਪੀ. ਜਸਕਿਰਤ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਜੇਤੂ ਖਿਡਾਰੀਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ। ਟੂਰਨਾਮੈਂਟ ਦੇ ਅਖ਼ੀਰ ਵਿਚ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਾਲੀਬਾਲ ਟੂਰਨਾਮੈਂਟ ਵਿਚ ਸਕੂਲੀ ਖਿਡਾਰੀਆਂ ਤੋਂ ਇਲਾਵਾ ਆਮ ਲੋਕਾਂ, ਪੰਜਾਬ ਪੁਲਿਸ ਦੇ ਵੱਖ ਵੱਖ ਰੈਂਕ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ।

Leave a Reply

Your email address will not be published. Required fields are marked *

View in English