ਫੈਕਟ ਸਮਾਚਾਰ ਸੇਵਾ
ਹੁਸ਼ਿਆਰਪੁਰ, 9 ਅਗਸਤ:
ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਬੀਤੇ ਦਿਨੀਂ ਹੁਸ਼ਿਆਰਪੁਰ ਸਥਿਤ ਪੇਸਕੋ ਦੇ ਰੀਜਨਲ ਦਫ਼ਤਰ ਦਾ ਦੌਰਾ ਕਰਕੇ ਉਸ ਦੇ ਕੰਮਾਂ ਦੀ ਜ਼ਮੀਨੀ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਨੇ ਸਾਬਕਾ ਸੈਨਿਕਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸਬੰਧੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਦੌਰੇ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਪੇਸਕੋ ਦੀ ਡਿਪਟੀ ਜਨਰਲ ਮੈਨੇਜਰ (ਸੇਵਾ ਮੁਕਤ) ਮੇਜਰ ਤ੍ਰਿਤਕਾ ਸ਼ਰਮਾ ਨਾਲ ਚੱਲ ਰਹੇ ਵੱਖ-ਵੱਖ ਪ੍ਰੋਜੇਕਟਾਂ ਦੀ ਵਿਸਥਾਰ ਨਾਲ ਜਾਣਕਾਰੀ ਲਈ। ਮੇਜਰ ਸ਼ਰਮਾ ਨੇ ਦੱਸਿਆ ਕਿ ਪੇਸਕੋ ਦਾ ਹੁਸ਼ਿਆਰਪੁਰ ਰੀਜਨਲ ਦਫ਼ਤਰ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੀ ਜ਼ਿੰਮੇਦਾਰੀ ਸੰਭਾਲਦਾ ਹੈ। ’ਓਪਰੇਸ਼ਨ ਸਿੰਦੂਰ’ ਦੌਰਾਨ ਸਾਬਕਾ ਸੈਨਿਕਾਂ ਨੇ ਬਿਨਾ ਥੱਕੇ 24 ਘੰਟੇ ਡਿਊਟੀ ਨਿਭਾਉਂਦੇ ਹੋਏ ਬੀ.ਬੀ.ਐਮ.ਬੀ (ਤਲਵਾੜਾ), ਰਣਜੀਤ ਸਾਗਰ ਡੈਮ, ਬੱਸ ਸਟੈਂਡ, ਬੈਂਕ ਅਤੇ ਬਾਰਡਰ ਹਲਕਿਆਂ ਦੇ ਸੰਵੇਦਨਸ਼ੀਲ ਪ੍ਰੋਜੈਕਟਾਂ ਵਿਚ ਆਪਣੀ ਮਹੱਤਵਪੂਰਨ ਸੇਵਾਵਾਂ ਦਿੱਤੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪੇਸਕੇ ਦੇ ਕਰਮਚਾਰੀ, ਚਾਹੇ ਉਹ ਬਾਰਡਰ ਹਲਕੇ ਦੇ ਸਕੂਲਾਂ ਦੀ ਸੁਰੱਖਿਆ ਹੋਵੇ ਜਾਂ ਨਸ਼ਾ ਮੁਕਤੀ ਕੇਂਦਰਾਂ ਦੀ, ਆਪਣੀ ਡਿਊਟੀ ਨੂੰ ਸੈਨਾ ਵਾਂਗ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਂਦੇ ਹਨ। ਇਸ ਮੌਕੇ ਮੇਜਰ ਸ਼ਰਮਾ ਨੇ ਸੁਰੱਖਿਆ ਗਾਰਡਾਂ ਅਤੇ ਹੋਰ ਕਰਮਚਾਰੀਆਂ ਦੇ ਵੇਤਨ ਵਿਚ ਸੁਧਾਰ ਅਤੇ ਵਾਧੂ ਰੋਜ਼ਗਾਰ ਮੌਕੇ ਉਪਲਬੱਧ ਕਰਵਾਉਣ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਪ੍ਰਗਟ ਕੀਤਾ। ਇਸਦੇ ਨਾਲ ਹੀ ਸਾਬਕਾ ਸੈਨਿਕਾਂ ਦੀ ਸੇਵਾ ਉਮਰ ਹੱਦ ਵਧਾਉਣ ਲਈ ਉਠਾਏ ਜਾ ਰਹੇ ਕਦਮਾਂ ਲਈ ਵੀ ਧੰਨਵਾਦ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਇੱਜ਼ਤ, ਸਨਮਾਨ ਅਤੇ ਬਿਹਤਰੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਪੋਸਕੇ ਕਰਮਚਾਰੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ਉਨ੍ਹਾਂ ਦੇ ਸਮਰਪਣ ਦੀ ਸਰਾਹਨਾ ਕੀਤੀ।