ਫੈਕਟ ਸਮਾਚਾਰ ਸੇਵਾ
ਕੋਟਕਪੂਰਾ, ਅਗਸਤ 10
ਸੱਭਿਆਚਾਰਕ ਵਿਰਾਸਤ ਅਤੇ ਲੋਕ ਰਿਵਾਇਤਾਂ ਨੂੰ ਸੰਭਾਲਣ ਅਤੇ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਕੋਟਕਪੂਰਾ ਸ਼ਹਿਰ ਵਿੱਚ “ਮੇਲਾ ਤੀਆਂ ਦਾ” ਵੱਡੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਬੀੜ ਰੋਡ ਤੇ ਸਥਿਤ ਮਾਨ ਪੈਲੇਸ ਵਿਖੇ ਆਯੋਜਿਤ ਇਸ ਮੇਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਿਰਫ਼ ਖੁਸ਼ੀਆਂ ਹੀ ਨਹੀਂ ਬਖ਼ਸ਼ਦਾ, ਸਗੋਂ ਸਾਡੀ ਮਿੱਟੀ ਦੀ ਮਹਿਕ, ਸੱਭਿਆਚਾਰਕ ਰੰਗਤ ਅਤੇ ਅਜੋਕੇ ਸਮੇਂ ਵਿੱਚ ਭੁੱਲੇ-ਵਿੱਸਰੇ ਲੋਕ ਰਿਵਾਜਾਂ ਨਾਲ ਵੀ ਜੋੜਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਰਾਸਤ ਬੇਹੱਦ ਧਨਵਾਨ ਹੈ ਅਤੇ ਇਸਦੀ ਸੰਭਾਲ ਲਈ ਅਜਿਹੇ ਮੇਲੇ ਅਤੇ ਤਿਉਹਾਰ ਬਹੁਤ ਜ਼ਰੂਰੀ ਹਨ, ਤਾਂ ਜੋ ਨਵੀਂ ਪੀੜੀ ਆਪਣੇ ਰਿਵਾਇਤੀ ਪਹਿਰਾਵੇ, ਗੀਤ-ਸੰਗੀਤ ਅਤੇ ਰਸਮਾਂ ਨਾਲ ਜਾਣ-ਪਛਾਣ ਬਣਾਈ ਰੱਖੇ।
ਇਸ ਮੌਕੇ ਮੈਡਮ ਗੁਰਪ੍ਰੀਤ ਕੌਰ ਨੇ ਸਾਰੀਆਂ ਹਾਜ਼ਰ ਔਰਤਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਸਾਡੇ ਆਪਸੀ ਪਿਆਰ, ਸਤਿਕਾਰ ਅਤੇ ਭਰਾਤਰੀ ਭਾਵਨਾਵਾਂ ਨੂੰ ਮਜ਼ਬੂਤ ਕਰਦੇ ਹਨ। ਸਮਾਗਮ ਦੌਰਾਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਨੇ ਮੇਲੇ ਦੀ ਰੌਣਕ ਨੂੰ ਹੋਰ ਵੀ ਚਮਕਾਇਆ।
ਇਸ ਮੌਕੇ ਖ਼ਾਸ ਦ੍ਰਿਸ਼ ਉਸ ਵੇਲੇ ਬਣਿਆ ਜਦੋਂ ਮੈਡਮ ਗੁਰਪ੍ਰੀਤ ਕੌਰ ਨੇ ਇਕੱਠੀਆਂ ਔਰਤਾਂ ਨਾਲ ਮਿਲ ਕੇ ਗਿੱਧਾ ਪਾਇਆ। ਲੋਕ-ਗੀਤਾਂ ਅਤੇ ਢੋਲ ਦੀਆਂ ਥਾਪਾਂ ਨਾਲ ਪੂਰਾ ਮਾਹੌਲ ਖੁਸ਼ੀਆਂ ਅਤੇ ਰੰਗਾਰੰਗ ਮਾਹੋਲ ਨਾਲ ਗੂੰਜ ਉਠਿਆ। ਮੇਲੇ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ, ਰਵਾਇਤੀ ਪਹਿਰਾਵਿਆਂ, ਗਹਿਣਿਆਂ ਅਤੇ ਲੋਕ-ਰੰਗਾਂ ਨਾਲ ਤੀਆਂ ਦੇ ਤਿਉਹਾਰ ਨੂੰ ਇੱਕ ਵਿਲੱਖਣ ਰੂਪ ਦਿੱਤਾ। ਤੀਆਂ ਦੇ ਗੀਤਾਂ, ਮੱਲਪੁੜਿਆਂ ਦੀ ਮਹਿਕ, ਝੂਲਿਆਂ ਦੀ ਖੜਕ ਅਤੇ ਗਿੱਧੇ-ਭੰਗੜੇ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।
ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ, ਸਿਮਰਨਜੀਤ ਸਿੰਘ ਐਮ.ਸੀ., ਜਗਸੀਰ ਸੀਰਾ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।