ਫੈਕਟ ਸਮਾਚਾਰ ਸੇਵਾ
ਅਕਤੂਬਰ 19
ਕਾਂਗਰਸ ਪਾਰਟੀ ਦੇ 137 ਸਾਲਾਂ ਦੇ ਇਤਿਹਾਸ ‘ਚ ਛੇਵੀਂ ਵਾਰ ਪਾਰਟੀ ਦੇ ਪ੍ਰਧਾਨਗੀ ਅਹੁਦੇ ਲਈ ਚੋਣ ਹੋਈ, ਜਿਸ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਐਲਾਨੇ ਗਏ ਨਤੀਜਿਆਂ ਮੁਤਾਬਕ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਚੁਣ ਲਏ ਗਏ ਹਨ। ਉਹ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਥਾਂ ਲੈਣਗੇ।
ਕਾਂਗਰਸ ਸੈਂਟਰਲ ਇਲੈਕਸ਼ਨ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਨਤੀਜੇ ਐਲਾਨ ਕਰਦੇ ਹੋਏ ਦੱਸਿਆ ਕਿ ਕੁੱਲ 9385 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ ਖੜਗੇ ਦੇ ਪੱਖ ਵਿੱਚ 7897 ਵੋਟਾਂ ਪਈਆਂ ਹਨ। ਪ੍ਰਧਾਨਗੀ ਅਹੁਦੇ ਦੇ ਦੂਜੇ ਦਾਅਵੇਦਾਰ ਸ਼ਸ਼ੀ ਥਰੂਰ ਦੇ ਖਾਤੇ 1072 ਵੋਟਾਂ ਆਈਆਂ ਜਦਕਿ 416 ਵੋਟਾਂ ਨੂੰ ਅਯੋਗ ਮੰਨਿਆ ਗਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਮਲਿਕਾਰਜੁਨ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ।
ਪਾਰਟੀ ਦੀ ਪ੍ਰਧਾਨਗੀ ਚੋਣ ਹਾਰੇ ਸ਼ਸ਼ੀ ਥਰੂਰ ਨੇ ਵੀ ਮਲਿਕਾਰਜੁਨ ਖੜਗੇ ਨੂੰ ਟਵੀਟ ਕਰਕੇ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ ਹੈ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਦੀ ਕਮਾਨ ਜ਼ਿਆਦਾਤਰ ਗਾਂਧੀ ਪਰਿਵਾਰ ਦੇ ਹੱਥਾਂ ‘ਚ ਜਾਂ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਹੁੰਦੀ ਰਹੀ ਹੈ। ਜਦੋਂ ਗਾਂਧੀ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਪਾਰਟੀ ਪ੍ਰਧਾਨਗੀ ਦੀ ਦੌੜ ਵਿੱਚ ਹਿੱਸਾ ਨਹੀਂ ਲੈਣਗੇ, ਤਾਂ ਦੋ ਨੇਤਾ ਇਸ ਅਹੁਦੇ ਲਈ ਦਾਅਵੇਦਾਰ ਬਣ ਗਏ – ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ। ਸਿਆਸੀ ਵਿਸ਼ਲੇਸ਼ਕਾਂ ਵਿੱਚ ਆਮ ਸਹਿਮਤੀ ਹੈ ਕਿ ਨਵੇਂ ਪ੍ਰਧਾਨ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਨਵੇਂ ਪ੍ਰਧਾਨ ਦੀ ਸਭ ਤੋਂ ਅਹਿਮ ਚੁਣੌਤੀ
ਵਿਸ਼ਲੇਸ਼ਕਾਂ ਅਤੇ ਪਾਰਟੀ ਦੇ ਕੁਝ ਅੰਦਰੂਨੀ ਸੂਤਰਾਂ ਅਨੁਸਾਰ ਨਵੇਂ ਪ੍ਰਧਾਨ ਲਈ ਸਭ ਤੋਂ ਵੱਡੀ ਚੁਣੌਤੀ ਹੈ ਪਾਰਟੀ ‘ਤੇ ਆਪਣਾ ਕਬਜ਼ਾ ਬਣਾਉਣਾ, ਆਪਣਾ ਸਿੱਕਾ ਜਮਾਉਣਾ, ਆਪਣੀ ਗੱਲ ਮਨਵਾਉਣਾ ਹੋਵੇਗੀ। ਬਹੁਤ ਸਾਰੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਸਲ ਸੱਤਾ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਰਹੇਗੀ। ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਕੋਲ ਪ੍ਰਧਾਨ ਦਾ ‘ਰਿਮੋਟ ਕੰਟਰੋਲ’ ਹੋਵੇਗਾ। ਰਿਮੋਟ ਕੰਟਰੋਲ ਦੀ ਗੱਲ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਮਲਿਕਾਰਜੁਨ ਖੜਗੇ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਪਹਿਲੇ ਪਰਿਵਾਰ ਦੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ, ਪਾਰਟੀ ਦੇ ਬਾਗ਼ੀ ਨੇਤਾ ਸੰਜੇ ਝਾਅ ਦੇ ਇੱਕ ਲੇਖ ਦੀ ਇੰਡੀਅਨ ਐਕਸਪ੍ਰੈਸ ਅਖਬਾਰ ਦੀ ਸੁਰਖੀ ਸੀ, “ਮਲਿਕਾਰਜੁਨ ਖੜਗੇ ਦੀ ਅਧਿਕਾਰਤ ਉਮੀਦਵਾਰੀ – ਕਾਂਗਰਸ ਕਿਵੇਂ ਆਪਣੇ ਆਪ ਨੂੰ ਸੁੱਟ ਕਰ ਰਹੀ ਹੈ।” ਉਨ੍ਹਾਂ ਦਲੀਲ ਦਿੱਤੀ ਕਿ ਪ੍ਰਧਾਨਗੀ ਅਹੁਦੇ ਦੀ ਚੋਣ ਸਿਰਫ਼ ਮਜ਼ਾਕ ਸੀ ਕਿਉਂਕਿ ਉਨ੍ਹਾਂ ਮੁਤਾਬਕ ਖੜਗੇ ਗਾਂਧੀ ਪਰਿਵਾਰ ਦੇ ਸਿਰਫ਼ ‘ਦਰਬਾਰੀ’ ਹਨ।
ਕੀ ਖੜਗੇ ਦਲਿਤਾਂ ਨੂੰ ਪਾਰਟੀ ‘ਚ ਵਾਪਸ ਲਿਆ ਸਕਦੇ ਹਨ?
80 ਸਾਲਾਂ ਖੜਗੇ, ਕਾਂਗਰਸ ਦੇ ਸਭ ਤੋਂ ਪ੍ਰਮੁੱਖ ਦਲਿਤ ਚਿਹਰਿਆਂ ਵਿੱਚੋਂ ਇੱਕ ਹਨ ਅਤੇ ਕਰਨਾਟਕ ਵਰਗੇ ਸੂਬੇ ਤੋਂ ਸਬੰਧਤ ਹਨ ਜਿੱਥੇ ਪਾਰਟੀ ਦੀ ਮਜ਼ਬੂਤ ਪਕੜ ਹੈ। ਉਹ ਪਾਰਟੀ ਦੇ ਉਨ੍ਹਾਂ ਸੀਨੀਅਰ ਨੇਤਾਵਾਂ ‘ਚੋਂ ਇਕ ਹਨ, ਜਿਨ੍ਹਾਂ ਦੇ ਵੱਡੇ-ਵੱਡੇ ਨੇਤਾਵਾਂ ਖ਼ਾਸ ਕਰਕੇ ਗਾਂਧੀ ਪਰਿਵਾਰ ਨਾਲ ਚੰਗੇ ਸਬੰਧ ਹਨ। ਪਰ ਆਮ ਵਰਕਰਾਂ ਵਿੱਚ ਉਨ੍ਹਾਂ ਦੀ ਪਕੜ ਕਮਜ਼ੋਰ ਦੱਸੀ ਜਾਂਦੀ ਹੈ।
ਵੋਟ ਪਾਉਣ ਤੋਂ ਬਾਅਦ ਵਾਪਸ ਪਰਤੇ ਦਲਿਤ ਕਾਂਗਰਸ ਨੇਤਾ ਨੇ ਕਿਹਾ ਕਿ ਖੜਗੇ ਦੇ ਪ੍ਰਧਾਨ ਬਣਨ ਨਾਲ ਦਲਿਤ ਅਤੇ ਪਛੜੇ ਸਮਾਜ ਦੇ ਉਹ ਲੋਕ ਵਾਪਸ ਆ ਜਾਣਗੇ, ਜੋ ਪਾਰਟੀ ਛੱਡ ਚੁੱਕੇ ਹਨ। ਉਨ੍ਹਾਂ ਮੁਤਾਬਕ ਉਹ ਪਾਰਟੀ ਅਤੇ ਗਾਂਧੀ ਪਰਿਵਾਰ ਵਿਚਕਾਰ ਇੱਕ ਕੜੀ ਵਾਂਗ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਗਾਂਧੀ ਪਰਿਵਾਰ ਦੀ ਕਠਪੁਤਲੀ ਕਹਿਣਾ ਠੀਕ ਨਹੀਂ ਹੋਵੇਗਾ। ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਰਿਮੋਟ ਕੰਟਰੋਲ ਦੀ ਗੱਲ ਗ਼ਲਤ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੇਂ ਪ੍ਰਧਾਨ ਨੂੰ ਗਾਂਧੀ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਪਾਰਟੀ ਲਈ ਮੌਜੂਦਾ ਸੰਕਟ ਵਿੱਚੋਂ ਨਿਕਲਣਾ ਵੱਡੀ ਚੁਣੌਤੀ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਹਾਲਤ ਬਹੁਤ ਖਰਾਬ ਹੈ। ਉਸ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣਾ ਅਤੇ ਪਾਰਟੀ ਵਿੱਚ ਜ਼ਮੀਨੀ ਪੱਧਰ ‘ਤੇ ਊਰਜਾ ਪੈਦਾ ਕਰਨਾ ਨਵੇਂ ਪ੍ਰਧਾਨ ਲਈ ਵੱਡੀ ਚੁਣੌਤੀ ਹੋਵੇਗੀ।