ਫੈਕਟ ਸਮਾਚਾਰ ਸੇਵਾ
ਸ਼ਿਮੋਗਾ , ਅਪ੍ਰੈਲ 20
ਕਰਨਾਟਕ ਦੇ ਸ਼ਿਮੋਗਾ ’ਚ ਕਾਮਨ ਐਂਟਰੈਂਸ ਟੈਸਟ (ਸੀਈਟੀ) ਦੇ ਪ੍ਰੀਖਿਆ ਕੇਂਦਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਤੋਂ ਜਨੇਊ ਲੁਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਧਰ, ਬੀਦਰ ’ਚ ਇਕ ਵਿਦਿਆਰਥੀ ਸ਼ੁਚੀਵ੍ਰਤ ਕੁਲਕਰਨੀ ਨੂੰ ਪ੍ਰੀਖਿਆ ਕੇਂਦਰ ’ਤੇ ਇਸ ਲਈ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਸ ਨੇ ਜਨੇਊ ਪਹਿਨਿਆ ਹੋਇਆ ਸੀ। ਇਨ੍ਹਾਂ ਦੋਵਾਂ ਘਟਨਾਵਾਂ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਭਾਜਪਾ ਨੇ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਸਿੱਧਰਮਈਆ ਨੂੰ ਸੂਬੇ ਦੀ ਜਨਤਾ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਅਖਿਲ ਕਰਨਾਟਕ ਬ੍ਰਾਹਮਣ ਮਹਾਸਭਾ ਦੇ ਪ੍ਰਧਾਨ ਰਘੁਨਾਥ ਨੇ ਪੂਰੇ ਸੂਬੇ ’ਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਵਿਵਾਦ ਵਧਦਾ ਦੇਖ ਕੇ ਸੂਬੇ ਦੇ ਉੱਚ ਸਿੱਖਿਆ ਮੰਤਰੀ ਐੱਮਸੀ ਸੁਧਾਕਰ ਨੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ।
ਪੁਲਿਸ ਨੇ ਦੱਸਿਆ ਕਿ 17 ਅਪ੍ਰੈਲ ਨੂੰ ਸ਼ਿਮੋਗਾ ਦੇ ਆਦਿਚੁੰਚਨਗਿਰੀ ਪੀਯੂ ਕਾਲਜ ਪ੍ਰੀਖਿਆ ਕੇਂਦਰ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਤਿੰਨ ਵਿਦਿਆਰਥੀਆਂ ਨੂੰ ਆਪਣੇ ਜਨੇਊ ਲਾਹੁਣ ਲਈ ਕਿਹਾ। ਇਕ ਵਿਦਿਆਰਥੀ ਨੇ ਜਨੇਊ ਲਾਹੁਣ ਤੋਂ ਮਨ੍ਹਾ ਕਰ ਦਿੱਤਾ ਤੇ ਉਸ ਨੂੰ ਪ੍ਰੀਖਿਆ ਦੇਣ ਦੀ ਆਗਿਆ ਦੇ ਦਿੱਤੀ ਗਈ ਜਦਕਿ ਦੋ ਹੋਰਨਾਂ ਨੇ ਪ੍ਰੀਖਿਆ ਹਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਜਨੇਊ ਲਾਹ ਦਿੱਤਾ। ਪ੍ਰੀਖਿਆ ਕੇਂਦਰ ’ਤੇ ਤਾਇਨਾਤ ਦੋ ਹੋਮਗਾਰਡਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਜਨੇਊ ਲਾਹੁਣ ਲਈ ਕਿਹਾ ਸੀ। ਇਸ ਦੇ ਨਾਲ ਹੀ ਕਰਨਾਟਕ ਬ੍ਰਾਹਮਣ ਸਭਾ ਦੇ ਨਟਰਾਜ ਭਗਵਤ ਦੀ ਸ਼ਿਕਾਇਤ ਤੋਂ ਬਾਅਦ ਆਦਿਚੁੰਚਨਗਿਰੀ ਪੀਯੂ ਕਾਲਜ ਦੇ ਅਧਿਕਾਰੀਆਂ ਖ਼ਿਲਾਫ਼ ਪੁਲਿਸ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਭਾਜਪਾ ਆਗੂ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਆਰ ਅਸ਼ੋਕ ਨੇ ਕਿਹਾ ਕਿ ਮੁੱਖ ਮੰਤਰੀ ਸਿੱਧਰਮਈਆ ਨੇ ਕਦੇ ਕੁਮਕੁਮ ਤੇ ਕੇਸਰੀ (ਭਗਵਾ) ਨੂੰ ਦੇਖ ਕੇ ਨਫ਼ਰਤ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਹੁਣ ਮੁੜ ਜਨੇਊ ਪ੍ਰਤੀ ਦੁਸ਼ਮਣੀ ਪ੍ਰਗਟਾ ਕੇ ਆਪਣੀ ਹਿੰਦੂ ਵਿਰੋਧੀ ਮਨੋਬਿਰਤੀ ਸਾਹਮਣੇ ਲਿਆਂਦੀ ਹੈ। ਅਖਿਲ ਕਰਨਾਟਕ ਬ੍ਰਾਹਮਣ ਮਹਾਸਭਾ ਦੇ ਪ੍ਰਧਾਨ ਰਘੁਨਾਥ ਨੇ ਵਿਦਿਆਰਥੀਆਂ ਤੋਂ ਜਨੇਊ ਲੁਹਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬ੍ਰਾਹਮਣ ਭਾਈਚਾਰੇ ’ਤੇ ਹਮਲਾ ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਭਾਰਤ ਦੇ ਸੰਵਿਧਾਨ ਮੁਤਾਬਕ ਬ੍ਰਾਹਮਣਾਂ ਨੂੰ ਵੀ ਸਮਾਨ ਦਰਜਾ ਪ੍ਰਾਪਤ ਹੈ। ਬ੍ਰਾਹਮਣਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।