ਫੈਕਟ ਸਮਾਚਾਰ ਸੇਵਾ
ਅਸਤਾਨਾ, ਦਸੰਬਰ 25
ਕਜ਼ਾਕਿਸਤਾਨ ਦੇ ਅਕਤਾਉ ਵਿਚ ਅੱਜ ਸਵੇਰੇ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿਚ 62 ਯਾਤਰੀ ਅਤੇ 5 ਕਰੂ ਮੈਂਬਰ ਸਵਾਰ ਸਨ। ਇਸ ਹਾਦਸੇ ’ਚ 42 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਜਹਾਜ਼ ਅਜ਼ਰਬਾਈਜਾਨ ਤੋਂ ਰੂਸ ਦੇ ਚੇਚਨੀਆ ਸੂਬੇ ਦੀ ਰਾਜਧਾਨੀ ਗਰੋਜ਼ਨੀ ਜਾ ਰਿਹਾ ਸੀ। ਪਰ ਉਸ ਨੂੰ ਕਜ਼ਾਖ ਸ਼ਹਿਰ ਅਕਤਾਊ ਤੋਂ ਲਗਭਗ 3 ਕਿਲੋਮੀਟਰ ਦੂਰ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਫਲਾਈਟ ਦਾ ਰੂਟ ਬਦਲਿਆ ਗਿਆ। ਜਹਾਜ਼ ਨੇ ਕਰੈਸ਼ ਹੋਣ ਤੋਂ ਪਹਿਲਾਂ ਹਵਾਈ ਅੱਡੇ ਦੇ ਕਈ ਚੱਕਰ ਲਗਾਏ ਸਨ। ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਵੀ ਮੰਗੀ ਸੀ। ਹਾਲਾਂਕਿ, ਬਾਅਦ ਵਿਚ ਇਸ ਨੂੰ ਹਵਾਈ ਅੱਡੇ ਦੇ ਨੇੜੇ ਬੀਚ ’ਤੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕੀਤਾ ਗਿਆ। ਹਾਦਸਾਗ੍ਰਸਤ ਹੋਇਆ ਜਹਾਜ਼ ਅਜ਼ਰਬਾਈਜਾਨ ਏਅਰਲਾਈਨਜ਼ ਦਾ ਐਮਬਰੇਅਰ 190 ਮਾਡਲ ਸੀ।