View in English:
October 8, 2024 7:46 pm

ਐਸ.ਡੀ.ਐਮ ਪਟਿਆਲਾ ਨੇ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਕਤੂਬਰ 8

ਪਟਿਆਲਾ ਸਬ ਡਵੀਜ਼ਨ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਅਤੇ ਖ਼ਰੀਦ ਸ਼ੁਰੂ ਹੋ ਗਈ ਹੈ। ਅੱਜ ਐਸ.ਡੀ.ਐਮ ਪਟਿਆਲਾ ਮਨਜੀਤ ਕੌਰ ਨੇ ਪਟਿਆਲਾ ਅਨਾਜ ਮੰਡੀ ਤੇ ਸਨੌਰ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ’ਚ ਆਪਣੀ ਜਿਣਸ ਲੈ ਕੇ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਰੀਦ ਪ੍ਰਬੰਧਾਂ ਦੀ ਖ਼ੁਦ ਨਿਗਰਾਨੀ ਕਰ ਰਹੇ ਹਨ, ਇਸ ਲਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਐਸ.ਡੀ.ਐਮ ਮਨਜੀਤ ਕੌਰ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸਾਨ ਦੀ ਜਿਣਸ ਦੀ ਮੰਡੀ ‘ਚ ਆਮਦ ਹੋਣ ਸਮੇਂ ਪੱਖਾ ਆਦਿ ਲੱਗਣ ਮਗਰੋਂ ਤੁਰੰਤ ਖ਼ਰੀਦ ਕਰਵਾਉਣ ਯਕੀਨੀ ਬਣਾਈ ਜਾਵੇ।
ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖ਼ਰੀਦ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਫ਼ਸਲ ਦੀ ਨਾਲੋਂ ਨਾਲ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਮੌਜੂਦ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਕਿਸਾਨ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਣ ਨੂੰ ਤਰਜੀਹ ਦੇਣ ਇਸ ਨਾਲ ਜਿਥੇ ਜ਼ਮੀਨ ਨੂੰ ਫ਼ਾਇਦਾ ਹੋਵੇਗਾ, ਉਥੇ ਹੀ ਵਾਤਾਵਰਣ ਪਲੀਤ ਹੋਣ ਤੋਂ ਬਚੇਗਾ। ਉਨ੍ਹਾਂ ਕਿਸਾਨਾਂ ਨੂੰ ’ਉੱਨਤ ਕਿਸਾਨ’ ਮੋਬਾਇਲ ਐਪ ਦੀ ਵਰਤੋਂ ਕਰਕੇ ਮਸ਼ੀਨਰੀ ਦੀ ਬੁਕਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *

View in English