View in English:
February 12, 2025 2:24 pm

ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਨੇ ਰਾਜ ਸੂਚਨਾ ਕਮਿਸ਼ਨਰਾਂ ਵਜੋਂ ਅਹੁਦਾ ਸੰਭਾਲਿਆ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਫਰਵਰੀ 12

ਐਡਵੋਕੇਟ ਹਰਪ੍ਰੀਤ ਸੰਧੂ ਅਤੇ ਪੂਜਾ ਗੁਪਤਾ ਨੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ, ਰਾਜ ਸੂਚਨਾ ਕਮਿਸ਼ਨਰ ਡਾ. ਭੁਪਿੰਦਰ ਸਿੰਘ, ਸੰਦੀਪ ਸਿੰਘ ਧਾਲੀਵਾਲ ਅਤੇ ਵਰਿੰਦਰਜੀਤ ਸਿੰਘ ਬਿਲਿੰਗ ਦੀ ਮੌਜੂਦਗੀ ਵਿੱਚ ਪੰਜਾਬ ਦੇ ਨਵੇਂ ਰਾਜ ਸੂਚਨਾ ਕਮਿਸ਼ਨਰਾਂ ਵਜੋਂ ਅਹੁਦਾ ਸੰਭਾਲ ਲਿਆ ਹੈ।

ਇਸ ਤੋਂ ਪਹਿਲਾਂ ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਵਿਖੇ ਹੋਇਆ ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੋਵਾਂ ਕਮਿਸ਼ਨਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਐਡਵੋਕੇਟ ਹਰਪ੍ਰੀਤ ਸੰਧੂ ਇੱਕ ਉੱਘੇ ਵਕੀਲ, ਵਾਤਾਵਰਣ ਪ੍ਰੇਮੀ, ਨੇਚਰ ਆਰਟਿਸਟ ਅਤੇ ਲੇਖਕ ਹਨ। ਪਹਿਲਾਂ ਉਹ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਵੀ ਰਹੇ ਹਨ ਅਤੇ ਆਪਣੇ ਕੰਮ ਲਈ ਵਿਸ਼ਵ ਪੱਧਰ ‘ਤੇ ਜਾਣੇ ਜਾਂਦੇ ਹਨ।

ਐਡਵੋਕੇਟ ਸੰਧੂ ਕਾਨੂੰਨੀ ਤੁਲਨਾਤਮਕ ਅਧਿਐਨਾਂ ‘ਤੇ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਉਨ੍ਹਾਂ ਨੇ ਕਾਲਜ ਆਫ਼ ਲਾਅ ਆਫ ਇੰਗਲੈਂਡ ਐਂਡ ਵੇਲਜ਼ ਤੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਅਤੇ ਅਪਰਾਧਿਕ ਪ੍ਰਕਿਰਿਆ ਵਿੱਚ ਪ੍ਰੈਕਟਿਸ ਡਿਪਲੋਮਾ ਹਾਸਲ ਕੀਤਾ ਹੈ। ਉਨ੍ਹਾਂ ਨੇ ਕਾਨੂੰਨੀ ਖੇਤਰ ਵਿੱਚ ਆਪਣੇ ਯੋਗਦਾਨ ਸਦਕਾ ਕਾਫੀ ਨਾਮਣਾ ਖੱਟਿਆ ਹੈ ਅਤੇ ਉਨ੍ਹਾਂ ਨੇ ਆਰ.ਆਈ. ਜੀ.ਐਸ.ਈ. ਪ੍ਰੋਗਰਾਮ ਤਹਿਤ ਫਰਾਂਸ ਵਿੱਚ ਅੰਬੈਸਡਰ ਆਫ਼ ਗੁੱਡਵਿਲ ਵਜੋਂ ਭਾਰਤ ਦੀ ਨੁਮਾਇੰਦਗੀ ਕੀਤੀ।

ਆਪਣੀ ਨਿਯੁਕਤੀ ਬਾਰੇ ਬੋਲਦਿਆਂ ਐਡਵੋਕੇਟ ਹਰਪ੍ਰੀਤ ਸੰਧੂ ਨੇ ਕਿਹਾ, “ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ। ਮੈਂ ਜਨਤਕ ਪ੍ਰਸ਼ਾਸਨ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਅਤੇ ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਤਨਦੇਹੀ ਨਾਲ ਕੰਮ ਕਰਾਂਗਾ।”

ਇੱਥੇ ਪ੍ਰਸਿੱਧ ਸਮਾਜ ਸੇਵਿਕਾ ਅਤੇ ਸਿੱਖਿਆ ਸ਼ਾਸਤਰੀ ਸ੍ਰੀਮਤੀ ਪੂਜਾ ਗੁਪਤਾ ਨੇ ਵੀ ਰਾਜ ਸੂਚਨਾ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, “ਮੈਂ ਇਸ ਅਹੁਦੇ ‘ਤੇ ਨਿਯੁਕਤੀ ਲਈ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਂ ਪੰਜਾਬ ਵਿੱਚ ਸੂਚਨਾ ਅਧਿਕਾਰ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਾਰਿਆਂ ਲਈ ਜਾਣਕਾਰੀ ਤੱਕ ਬਿਹਤਰ ਪਹੁੰਚ ਯਕੀਨੀ ਬਣਾਉਣ ਲਈ ਪਾਰਦਰਸ਼ਤਾ, ਨਿਰਪੱਖਤਾ ਅਤੇ ਸਮਰਪਣ ਨਾਲ ਕੰਮ ਕਰਾਂਗੀ।”

ਦੋਵੇਂ ਰਾਜ ਸੂਚਨਾ ਕਮਿਸ਼ਨਰਾਂ ਨੇ ਪੰਜਾਬ ਦੇ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਜਨਤਕ ਵਿਸ਼ਵਾਸ ਨੂੰ ਵਧਾਉਣ ਲਈ ਆਪਣੀ ਅਟੁੱਟ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਇਹ ਯਕੀਨੀ ਬਣਾਇਆ ਕਿ ਜਨਤਾ ਨੂੰ ਜਾਣਕਾਰੀ ਤੱਕ ਬਿਹਤਰ ਪਹੁੰਚ ਪ੍ਰਦਾਨ ਕੀਤੀ ਜਾਵੇ ਅਤੇ ਸੂਚਨਾ ਅਧਿਕਾਰ ਕਾਨੂੰਨ ਨੂੰ ਇਮਾਨਦਾਰੀ ਨਾਲ ਬਰਕਰਾਰ ਰੱਖਿਆ ਜਾਵੇ। ਇਸ ਸਮਾਗਮ ਵਿੱਚ ਦੋਵਾਂ ਕਮਿਸ਼ਨਰਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English