ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਜਨਵਰੀ 9
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦ ਕਮਰਾ ਮੀਟਿੰਗ ਕੀਤੀ ਹੈ। ਇਹ ਮੀਟਿੰਗ ਜਥੇਦਾਰ ਦੀ ਰਿਹਾਇਸ਼ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੀਤੀ ਗਈ। ਭਾਵੇਂ ਮੀਟਿੰਗ ਗੁਪਤ ਤਰੀਕੇ ਨਾਲ ਹੋਈ ਹੈ ਪਰ ਇਹ ਮੀਟਿੰਗ ਦੇ ਸਿੱਧੇ ਸੰਕੇਤ ਹਨ ਕਿ 6 ਜਨਵਰੀ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਸਬੰਧੀ ਕੀਤੀ ਜਾਂਚ ਨੂੰ ਮੁੱਢੋ ਨਕਾਰ ਦਿੱਤਾ ਸੀ। ਜਥੇਦਾਰ ਨੇ ਸਿੱਧੇ ਤੌਰ ‘ਤੇ ਕਿਹਾ ਸੀ ਕਿ ਕਿਸੇ ਵੀ ਜਥੇਦਾਰ ਦੀ ਜਾਂਚ ਦੇ ਅਧਿਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਹਨ।
ਉਨ੍ਹਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਜਥੇਦਾਰ ਦੀ ਪੜਤਾਲ ਕਰਨ ਦੇ ਲਈ ਕਮੇਟੀ ਬਣਾਉਣ ਦਾ ਕੋਈ ਅਧਿਕਾਰ ਨਹੀਂ ਹੈ, ਇਹ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕਹਿ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜਾਂ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਪਾਕ ਸਾਫ ਹੋਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਪਸ਼ਟੀਕਰਨ ਕਾਰਨ ਜਾਂਚ ਦੀ ਕੋਈ ਜਰੂਰਤ ਨਹੀਂ ਰਹਿ ਜਾਂਦੀ। ਭਾਵੇਂ ਜਥੇਦਾਰ ਤੇ ਧਾਮੀ ਦੇ ਵਿਚਕਾਰ ਹੋਈ ਮੀਟਿੰਗ ਗੁਪਤ ਹੈ ਪਰ ਫਿਰ ਵੀ ਸਿੱਧੇ ਸੰਕੇਤ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਨਾਲ ਜੁੜ ਰਹੇ ਹਨ।