ਫੈਕਟ ਸਮਾਚਾਰ ਸੇਵਾ
ਅਕਤੂਬਰ 9
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਏਅਰ ਫੋਰਸ ਦੇ ਸਥਾਪਨਾ ਦਿਵਸ ਮੌਕੇ ਰਾਜਭਵਨ ਵਿੱਚ ਸਬੋਧਨ ਕੀਤਾ। ‘ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਵਿਧਾਨਕ ਅਹੁਦੇ ‘ਤੇ ਹੁੰਦਿਆਂ ਹੋਇਆ ਇੱਥੇ ਹੋਣਾ ਚਾਹੀਦਾ ਸੀ, ਭਾਵੇਂ ਕਿੰਨਾ ਵੀ ਜ਼ਰੂਰੀ ਕੰਮ ਉਨ੍ਹਾਂ ਨੂੰ ਹੁੰਦਾ।” ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਇਹ ਸਵਾਲ ਚੁੱਕਿਆ।
ਭਾਰਤੀ ਹਵਾਈ ਫੌਜ ਦੇ 90ਵੇਂ ਸਥਾਪਨ ਦਿਵਸ ਮੌਕੇ ਰੱਖੇ ਗਏ ਇੱਕ ਪ੍ਰੋਗਰਾਮ ਵਿੱਚ ਜਿੱਥੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕਈ ਹੋਰ ਆਗੂ ਪਹੁੰਚੇ ਹੋਏ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ਤੋਂ ਨਦਾਰਦ ਸਨ। ਭਗਵੰਤ ਮਾਨ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਚੋਣ ਪ੍ਰਚਾਰ ਕਰ ਰਹੇ ਸਨ।
ਭਾਰਤੀ ਹਵਾਈ ਫੌਜ ਦੇ 90ਵੇਂ ਸਥਾਪਨਾ ਦਿਵਸ ਮੌਕੇ ਚੰਡੀਗੜ੍ਹ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸਣੇ ਕਈ ਆਗੂ ਪਹੁੰਚੇ ਹੋਏ ਸਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਦੀ ਗ਼ੈਰਮੌਜੂਦਗੀ ਉੱਤੇ ਕਿਹਾ ਕਿ ”ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ, ਮੇਰੀ ਉਨ੍ਹਾਂ ਨਾਲ ਗੱਲ ਵੀ ਹੋਈ ਸੀ ਅਤੇ ਉਨ੍ਹਾਂ ਨੇ ਸੱਦਾ ਸਵੀਕਾਰ ਵੀ ਕੀਤਾ ਸੀ।” ”ਉਨ੍ਹਾਂ ਦੀ ਥਾਂ ਉਨ੍ਹਾਂ ਦੇ ਨੁਮਾਇੰਦੇ ਨੂੰ ਭੇਜਿਆ ਗਿਆ ਹੈ। ਉਨ੍ਹਾਂ ਦਾ ਕਿਤੇ ਹੋਰ ਜਾਣਾ ਜ਼ਰੂਰੀ ਹੋਵੇਗਾ, ਪਰ ਕਿੰਨਾ ਵੀ ਵੱਡਾ ਕੰਮ ਹੋਵੇ, ਸੰਵਿਧਾਨਕ ਅਹੁਦੇ ‘ਤੇ ਹੁੰਦਿਆਂ ਉਨ੍ਹਾਂ ਨੂੰ ਆਉਣਾ ਚਾਹੀਦਾ ਸੀ।”
ਏਅਰ ਫੋਰਸ ਦੇ ਸਥਾਪਨਾ ਦਿਵਸ ਮੌਕੇ ਰੱਖਿਆ ਸੀ ਪ੍ਰੋਗਰਾਮ
ਦਰਅਸਲ ਚੰਡੀਗੜ੍ਹ ਵਿੱਚ ਹਵਾਈ ਫੌਜ ਦੇ 90ਵੇਂ ਸਥਾਪਨਾ ਦਿਹਾੜੇ ਮੌਕੇ ਏਅਰ ਸ਼ੋਅ ਦਾ ਆਯਜੋਨ ਕੀਤਾ ਗਿਆ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਨ। ਪਹਿਲਾ ਪ੍ਰੋਗਰਾਮ ਸੁਖਨਾ ਲੇਕ ਵਿਖੇ ਰੱਖਿਆ ਗਿਆ। ਦੂਜਾ ਪ੍ਰੋਗਰਾਮ ਸ਼ਾਮ ਨੂੰ ਰਾਜ ਭਵਨ ਵਿੱਚ ਸੀ, ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੌਜੂਦ ਸਨ, ਭਾਜਪਾ ਦੇ ਕਈ ਆਗੂ, ਪੰਜਾਬ ਦੇ ਕਈ ਮੰਤਰੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਸਨ। ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰਹਾਜ਼ਰ ਸਨ, ਕਿਉਂਕਿ ਉਹ ਗੁਜਰਾਤ ਵਿੱਚ ਆਦਮ ਆਦਮੀ ਪਾਰਟੀ ਦੀ ਤਿਰੰਗਾ ਯਾਤਰਾ ਵਿੱਚ ਹਿੱਸਾ ਲੈ ਰਹੇ ਸਨ।
ਰਾਜਪਾਲ ਦੇ ਨਾਲ-ਨਾਲ ਵਿਰੋਧੀ ਧਿਰ ਨੇ ਵੀ ਚੁੱਕੇ ਸਵਾਲ
ਪੰਜਾਬ ਭਾਜਪਾ ਦੇ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਰਾਸ਼ਟਰਪਤੀ ਸਾਡੇ ਦੇਸ਼ ਦਾ ਸਰਬਉੱਚ ਅਹੁਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾ ਆਉਣਾ ਇੱਕ ਬਹੁਤ ਵੱਡਾ ਸਵਾਲ ਹੈ। ਉਨ੍ਹਾਂ ਅੱਗੇ ਕਿਹਾ ਕਿ ”ਕੋਈ ਕਿੰਨਾ ਵੀ ਮਸਰੂਫ਼ ਹੋਵੇ ਪਰ ਰਾਸ਼ਟਰਪਤੀ ਦੇ ਆਉਣ ਉੱਤੇ ਉਨ੍ਹਾਂ ਨੂੰ (ਭਗਵੰਤ ਮਾਨ) ਇੱਥੇ ਰਹਿਣਾ ਚਾਹੀਦਾ ਸੀ। ਇਹ ਪੰਜਾਬ ਲਈ ਕੋਈ ਸੁਭ ਸੰਦੇਸ਼ ਨਹੀਂ ਹੈ।” ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਫ਼ਸੋਸ ਹੈ ਪ੍ਰੋਟੋਕਾਲ ਨੂੰ ਖ਼ਤਮ ਕਰਕੇ ਸਾਡੇ ਮੁੱਖ ਮੰਤਰੀ ਸਾਹਬ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ”ਇੱਕ ਵਾਰ ਫ਼ਿਰ ਪੰਜਾਬੀਆਂ ਨੂੰ ਸਾਰੇ ਦੇਸ਼ ਸਾਹਮਣੇ ਸ਼ਰਮਸਾਰ ਹੋਣਾ ਪਿਆ ਹੈ। ਮੁੱਖ ਮੰਤਰੀ ਸਾਬ੍ਹ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਛੱਡ ਕੇ ਗੁਜਰਾਤ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।”
ਆਮ ਆਦਮੀ ਪਾਰਟੀ ਨੇ ਦਿੱਤੀ ਸਫ਼ਾਈ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਦੀ ਟਿੱਪਣੀ ਸੁਣ ਕੇ ਉਨ੍ਹਾਂ ਨੂੰ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ”ਅੱਜ ਇੱਕ ਚੰਗੇ ਫੰਕਸ਼ਨ ਉੱਤੇ ਵੀ ਰਾਜਪਾਲ ਨੇ ਸਿਆਸੀ ਚੁਟਕੀ ਲੈਣ ਦੀ ਕੋਸ਼ਿਸ਼ ਕੀਤੀ ਹੈ। ਭਗਵੰਤ ਮਾਨ ਦਾ ਪਹਿਲਾਂ ਤੋਂ ਹੀ ਪ੍ਰੋਗਰਾਮ (ਗੁਜਰਾਤ ਫੇਰੀ) ਬਣਿਆ ਹੋਇਆ ਸੀ ਅਤੇ ਸੱਦਾ ਪੱਤਰ ਏਅਰਫੋਰਸ ਵੱਲੋਂ ਸੀ।”
”ਰਾਜਪਾਲ ਜੀ ਨੂੰ ਭਗਵੰਤ ਮਾਨ ਦੀ ਗੈਰਹਾਜ਼ਰੀ ਤਾਂ ਨਜ਼ਰ ਆਈ ਪਰ ਪਰ ਭਗਵੰਤ ਮਾਨ ਦੀ ਕੈਬਨਿਟ ਦੇ ਕਈ ਜ਼ਿਆਦਾ ਮੈਂਬਰ ਗਵਰਨਰ ਹਾਊਸ ਵਿੱਚ ਹਾਜ਼ਰ ਹਨ ਅਤੇ ਇਹ ਹਾਜ਼ਰੀ ਨਜ਼ਰ ਨਹੀਂ ਆਈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਦੀ ਟਿੱਪਣੀ ਸੁਣ ਕੇ ਉਨ੍ਹਾਂ ਨੂੰ ਦੁੱਖ ਹੋਇਆ ਹੈ।”