ਤਹਿਰਾਨ: ਈਰਾਨ ਦੀ ਸੁਪਰੀਮ ਕੋਰਟ ਦੇ ਅਹਾਤੇ ‘ਤੇ ਸ਼ਨੀਵਾਰ ਨੂੰ ਹੋਏ ਹਮਲੇ ‘ਚ ਦੋ ਜੱਜਾਂ ਦੀ ਮੌਤ ਹੋ ਗਈ। ਹਮਲੇ ਵਿੱਚ ਇੱਕ ਜੱਜ ਵੀ ਜ਼ਖ਼ਮੀ ਹੋਇਆ ਹੈ। ਅਧਿਕਾਰੀਆਂ ਨੇ ਈਰਾਨ ਦੀ ਰਾਜਧਾਨੀ ਤਹਿਰਾਨ ‘ਚ ਹੋਈ ਇਸ ਘਟਨਾ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਹਮਲਾ ਕਰਨ ਤੋਂ ਬਾਅਦ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸੁਰੱਖਿਆ ਬਲਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਸੁਪਰੀਮ ਕੋਰਟ ਦੀ ਇਮਾਰਤ ਦੇ ਆਲੇ-ਦੁਆਲੇ ਵੀ ਸੁਰੱਖਿਆ ਵਧਾ ਦਿੱਤੀ ਹੈ।
ਈਰਾਨੀ ਸੁਪਰੀਮ ਕੋਰਟ ਦੀ ਮਿਜ਼ਾਨ ਵੈੱਬਸਾਈਟ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਸਥਾਨਕ ਮੀਡੀਆ ਨੇ ਖਬਰ ਦਿੱਤੀ ਹੈ ਕਿ ਇਸ ਹਮਲੇ ‘ਚ ਜਾਨ ਗਵਾਉਣ ਵਾਲੇ ਸੁਪਰੀਮ ਕੋਰਟ ਦੇ ਜੱਜਾਂ ਦੀ ਪਛਾਣ ਜਸਟਿਸ ਮੁਹੰਮਦ ਮੋਗੇਸੇਹ ਅਤੇ ਹੋਜਾਤੋਲੇਸਲਾਮ ਅਲੀ ਰੇਗਿਨੀ ਵਜੋਂ ਹੋਈ ਹੈ। ਇਹ ਦੋਵੇਂ ਈਰਾਨੀ ਨਿਆਂਪਾਲਿਕਾ ਦੇ ਸੀਨੀਅਰ ਜੱਜਾਂ ਵਿੱਚੋਂ ਸਨ।
ਹਮਲੇ ਕਾਰਨ ਸਦਮੇ ‘ਚ ਈਰਾਨ
ਇਸ ਹਮਲੇ ਵਿੱਚ ਜ਼ਖ਼ਮੀ ਹੋਏ ਤੀਜੇ ਜੱਜ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਹਮਲਾਵਰ ਆਪਣੇ ਆਪ ਨੂੰ ਗੋਲੀ ਮਾਰਨਾ ਚਾਹੁੰਦਾ ਸੀ ਪਰ ਸੁਰੱਖਿਆ ਬਲਾਂ ਨੇ ਸਮੇਂ ਸਿਰ ਉਸ ਨੂੰ ਫੜ ਲਿਆ। ਦਿਨ-ਦਿਹਾੜੇ ਹੋਏ ਇਸ ਹਮਲੇ ਨੇ ਦੇਸ਼ ਵਿਚ ਨਿਆਂਇਕ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵਿਆਪਕ ਚਿੰਤਾ ਪੈਦਾ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਹਮਲੇ ਦੇ ਪਿੱਛੇ ਮਕਸਦ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਮਲੇ ਦੇ ਕਾਰਨਾਂ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।