ਫੈਕਟ ਸਮਾਚਾਰ ਸੇਵਾ
ਜਕਾਰਤਾ , ਜੁਲਾਈ 8
ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ‘ਤੇ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਵੱਡਾ ਹਾਦਸਾ ਹੋਣ ਦੀ ਖ਼ਬਰ ਹੈ। ਇੱਥੇ ਸੁਲਾਵੇਸੀ ਟਾਪੂ ‘ਤੇ ਭਾਰੀ ਬਾਰਸ਼ ਕਾਰਨ ਇੱਕ ਗੈਰ-ਕਾਨੂੰਨੀ ਸੋਨੇ ਦੀ ਖਾਨ ਵਿੱਚ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 18 ਲੋਕ ਫਿਲਹਾਲ ਲਾਪਤਾ ਹਨ।
ਸਥਾਨਕ ਬਚਾਅ ਏਜੰਸੀ ਬਸਰਨਾਸ ਦੇ ਮੁਖੀ ਹੇਰਯੰਤੋ ਨੇ ਕਿਹਾ ਕਿ ਗੋਰੋਂਟਾਲੋ ਸੂਬੇ ਦੇ ਸੁਮਾਵਾ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਵਿੱਚ ਇੱਕ ਗੈਰ-ਕਾਨੂੰਨੀ ਖਦਾਨ ਦੇ ਨੇੜੇ ਰਹਿਣ ਵਾਲਿਆਂ ਦੀ ਮੌਤ ਹੋ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਹਾਦਸੇ ਵਿੱਚ ਮਿੱਟੀ ਹੇਠ ਦੱਬੇ ਪੰਜ ਵਿਅਕਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਹਾਲਾਂਕਿ ਬਚਾਅ ਟੀਮਾਂ 18 ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਸਨ।
ਉਨ੍ਹਾਂ ਕਿਹਾ ਕਿ ‘ਅਸੀਂ ਲਾਪਤਾ ਲੋਕਾਂ ਦੀ ਭਾਲ ਲਈ ਰਾਸ਼ਟਰੀ ਬਚਾਅ ਦਲ, ਪੁਲਿਸ ਅਤੇ ਫੌਜ ਦੇ ਜਵਾਨਾਂ ਸਮੇਤ 164 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ। ਇਸ ਦੇ ਨਾਲ ਹੀ ਬਚਾਅ ਕਰਮਚਾਰੀਆਂ ਨੂੰ ਢਿੱਗਾਂ ਡਿੱਗਣ ਵਾਲੀ ਥਾਂ ‘ਤੇ ਪਹੁੰਚਣ ਲਈ ਕਰੀਬ 20 ਕਿਲੋਮੀਟਰ ਯਾਨੀ 12.43 ਮੀਲ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਇੱਥੇ ਸੜਕ ‘ਤੇ ਚਿੱਕੜ ਅਤੇ ਇਲਾਕੇ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਚਾਅ ਕਾਰਜ ‘ਚ ਦਿੱਕਤ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸੰਭਵ ਹੋਇਆ ਤਾਂ ਉਹ ਲੋਕਾਂ ਨੂੰ ਬਚਾਉਣ ਲਈ ਖੁਦਾਈ ਮਸ਼ੀਨਾਂ ਦੀ ਵਰਤੋਂ ਕਰਨਗੇ। ਏਜੰਸੀ ਮੁਤਾਬਕ ਜ਼ਮੀਨ ਖਿਸਕਣ ਕਾਰਨ ਕੁਝ ਘਰ ਵੀ ਤਬਾਹ ਹੋ ਗਏ ਹਨ। ਇੰਡੋਨੇਸ਼ੀਆ ਦੀ ਆਫ਼ਤ ਏਜੰਸੀ (ਬੀਐਨਪੀਬੀ) ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ ਕਈ ਘਰ ਅਤੇ ਇੱਕ ਪੁਲ ਨੁਕਸਾਨਿਆ ਗਿਆ ਹੈ।