ਫੈਕਟ ਸਮਾਚਾਰ ਸੇਵਾ
ਤਰਨ ਤਾਰਨ, ਜੂਨ 16
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਹੇਠ ਜ਼ਿਲੇ ਦੇ ਆਮ ਆਦਮੀ ਕਲੀਨਿਕਾਂ ਨਾਲ ਸੰਬੰਧਤ ਮੈਡੀਕਲ ਅਫਸਰਾਂ ਲਈ ਜੱਚਾ ਬੱਚਾ ਸਾਂਭ ਸੰਭਾਲ ਬਾਰੇ ਇਕ ਰੋਜ਼ਾ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੁਪਮ ਚੌਧਰੀ ਵਲੋਂ ਕੀਤਾ ਗਿਆ।
ਇਸ ਟਰੇਨਿੰਗ ਦੌਰਾਨ ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਮੁੱਖ ਮਹਿਮਾਨ ਵਜੋਂ ਪਹੁੰਚੇ। ਸਿਹਤ ਵਿਭਾਗ ਵਲੋਂ ਕਰਵਾਈ ਗਈ ਟਰੇਨਿੰਗ ਨੂੰ ਜਨਾਨਾ ਰੋਗਾਂ ਦੇ ਮਾਹਿਰ ਡਾ. ਰਾਜਪਿੰਦਰ ਕੌਰ ਅਤੇ ਡਾ. ਸੰਦੀਪ ਕੌਰ ਵਲੋਂ ਦਿਤਾ ਗਿਆ। ਵਰਕਸ਼ਾਪ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਆਮ ਆਦਮੀ ਕਲਿਨਿਕਾਂ ਦੇ ਮੈਡੀਕਲ ਅਫ਼ਸਰਾਂ ਲਈ ਵਿਸ਼ੇਸ਼ ਤੌਰ ਤੇ ਭੇਜੇ ਗਏ ਵੀਡੀਓ ਸੰਦੇਸ਼ ਨੂੰ ਵੀ ਚਲਾਇਆ ਗਿਆ, ਜਿਸ ਵਿੱਚ ਉਹਨਾਂ ਵਲੋਂ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ।
ਮੈਡੀਕਲ ਅਫ਼ਸਰ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੱਚਾ ਬੱਚਾ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਤੋਂ ਆਮ ਆਦਮੀ ਕਲੀਨਿਕ ‘ਤੇ ਗਰਭਵਤੀ ਮਹਿਲਾਵਾਂ ਦੀ ਸਿਹਤ ਜਾਂਚ ਸਹੂਲਤ ਮੁਹੱਇਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਤਾਇਨਾਤ ਸਿਹਤ ਕਰਮੀ ਅਤੇ ਆਸ਼ਾ ਵਰਕਰਜ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਨ੍ਹਾਂ ਅਧੀਨ ਆਉਂਦੇ ਖੇਤਰਾਂ ਵਿੱਚ ਜੋ ਵੀ ਗਰਭਵਤੀ ਮਹਿਲਾਵਾਂ ਹਨ, ਉਨ੍ਹਾਂ ਨੂੰ ਆਮ ਆਦਮੀ ਕਲੀਨਿਕ ‘ਤੇ ਚੈੱਕ ਅਪ ਲਈ ਲੈਕੇ ਆਉਣ।
ਉਨ੍ਹਾਂ ਕਿਹਾ ਕਿ ਸਿਹਤ ਕਰਮੀ ਵਲੋਂ ਮਮਤਾ ਦਿਵਸ ਦਾ ਇਕ ਸੈਸ਼ਨ ਆਮ ਆਦਮੀ ਕਲੀਨਿਕਾਂ ‘ਤੇ ਲਗਾਏ ਜਾਣ ਤਾਂ ਜੋ ਗਰਭਵਤੀ ਮਹਿਲਾਵਾਂ ਦੀ ਉਨ੍ਹਾਂ ਦੇ ਘਰ ਬਿਲਕੁਲ ਨਜ਼ਦੀਕ ਮਿਆਰੀ ਸਿਹਤ ਸਹੂਲਤ ਮਿਲ ਸਕੇ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਸਿਹਤ ਵਿਭਾਗ ਵਲੋਂ ਗਰਭਵਤੀ ਮਹਿਲਾਵਾਂ ਲਈ ਲੋੜੀਂਦਾ ਸਾਰੇ ਮੈਡੀਕਲ ਟੈਸਟ ਆਮ ਆਦਮੀ ਕਲਿਨਿਕ ‘ਤੇ ਮੌਜੂਦ ਹਨ ਅਤੇ ਮੈਡੀਕਲ ਅਫ਼ਸਰਾਂ ਵਲੋਂ ਇੱਸ ਗੱਲ ਨੂੰ ਯਕੀਨੀ ਬਣਾਉਣ ਕਿ ਸਮੇਂ ਸਿਰ ਗਰਭਵਤੀ ਮਾਹਿਲਾ ਦੇ ਟੈਸਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲਿਨਿਕਾਂ ‘ਤੇ ਗਰਭਵਤੀ ਮਹਿਲਾਵਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਰਾਹੀਂ ਬਹੁਤ ਵੱਡਾ ਲਾਭ ਪਹੁੰਚੇਗਾ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਬਲਾਕਾਂ ਦੇ ਐਸ ਐਮ ਓ ਆਪਣੇ ਅਧੀਨ ਖੇਤਰਾਂ ਵਿੱਚ ਐਲ. ਐਚ ਵੀ, ਏ.ਐਨ. ਐਮ ਅਤੇ ਆਸ਼ਾ ਵਰਕਰਾਂ ਰਾਹੀਂ ਆਮ ਆਦਮੀ ਕਲਿਨਿਕਾਂ ਰਾਹੀਂ ਗਰਭਵਤੀ ਮਹਿਲਾਵਾਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਅਤੇ ਇੱਸ ਸਹੂਲਤ ਦਾ ਨਿਰੀਖਣ ਕਰਨ। ਡਾ. ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਆਮ ਆਦਮੀ ਕਲਿਨਿਕਾਂ ‘ਤੇ ਹੁਣ ਕੁੱਲ 47 ਮੈਡੀਕਲ ਟੈਸਟ ਅਤੇ 112 ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆਂ ਕਰਵਾਈਆਂ ਜਾਂ ਰਹੀਆਂ ਹਨ।
ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫ਼ਸਰ, ਡਾ. ਰੁਪਮ ਚੌਧਰੀ ਨੇ ਕਿਹਾ ਕਿ ਟ੍ਰੇਨਿੰਗ ਦੌਰਾਨ ਮੈਡੀਕਲ ਅਫ਼ਸਰਾਂ ਨੂੰ ਦੱਸਿਆ ਗਿਆ ਕਿ ਆਮ ਆਦਮੀ ਕਲਿਨਿਕਾਂ ‘ਤੇ ਆਉਣ ਵਾਲੀਆਂ ਗਰਭਵਤੀ ਮਹਿਲਾਵਾਂ ਦਾ ਆਨਲਾਈਨ ਰਿਕਾਰਡ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਗਰਭ ਦੌਰਾਨ ਕੀਤੇ ਜਾਣ ਵਾਲੇ ਚੈੱਕ ਅਪ ਬਾਰੇ ਮੈਡੀਕਲ ਅਫ਼ਸਰ ਨੂੰ ਵਿਸਥਾਰ ਸਹਿਤ ਦੱਸਿਆ ਗਿਆ। ਡਾ.ਰੂਪਮ ਚੌਧਰੀ ਨੇ ਕਿਹਾ ਕਿ ਟ੍ਰੇਨਿੰਗ ਦੌਰਾਨ ਪਰਿਵਾਰ ਨਿਯੋਜਨ ਪ੍ਰੋਗਰਾਮ ਬਾਰੇ ਵੀ ਸੈਸ਼ਨ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ, ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਵੀ ਮੌਜੂਦ ਰਹੇ।