View in English:
March 15, 2025 2:30 am

‘ਆਪ’ ਸਰਕਾਰ ਅਧੀਨ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਲੋਕ ਮੁਕਾਬਲੇ ਲਈ ਤਿਆਰ ਰਹਿਣ

ਮੁੱਖ ਮੰਤਰੀ ਮਾਨ ਨੇ ਬੱਚੇ ਦੇ ਪਰਿਵਾਰ ਨਾਲ ਕੀਤੀ ਗੱਲਬਾਤ

ਫੈਕਟ ਸਮਾਚਾਰ ਸੇਵਾ

ਲੁਧਿਆਣਾ, ਮਾਰਚ 14

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੁਧਿਆਣਾ ਦੇ ਪਿੰਡ ਸੀਹਾਂ ਦੌਦ ਵਿਖੇ ਪਹੁੰਚਣ ਅਤੇ ਅਗਵਾ ਕੀਤੇ ਗਏ ਬੱਚੇ ਭਵਕੀਰਤ ਸਿੰਘ ਨੂੰ ਖੁਦ ਉਸਦੇ ਮਾਪਿਆਂ ਨੂੰ ਸੌਂਪਣ ‘ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਹੱਕ ‘ਚ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੀ ਜਮਾਤ ਦੇ ਅਗਵਾ ਹੋਏ ਬੱਚੇ ਭਵਕੀਰਤ ਸਿੰਘ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ, ਜਿਸ ਨੂੰ ਦੋ ਮੋਟਰਸਾਈਕਲ ਸਵਾਰ ਸ਼ੱਕੀ ਵਿਅਕਤੀਆਂ ਵੱਲੋਂ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ, ਜਦੋਂ ਉਹ ਲੁਧਿਆਣਾ ਦੀ ਪਾਇਲ ਸਬ ਡਵੀਜ਼ਨ ਦੇ ਪਿੰਡ ਸੀਹਾਂ ਦੌਦ ਵਿਖੇ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ।

ਮਾਪਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਕੀਤਾ, ਜਿਸ ਕਾਰਨ ਉਨ੍ਹਾਂ ਦਾ ਬੱਚਾ ਅਗਵਾਕਾਰਾਂ ਦੇ ਚੁੰਗਲ ਤੋਂ ਬਚ ਗਿਆ। ਭਵਕੀਰਤ ਦੀ ਮਾਤਾ ਜਸਪ੍ਰੀਤ ਕੌਰ ਅਤੇ ਪਿਤਾ ਰਣਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਮੇਂ ਸਿਰ ਕਾਰਵਾਈ ਸਦਕਾ ਹੀ ਉਨ੍ਹਾਂ ਦਾ ਪੁੱਤਰ 24 ਘੰਟਿਆਂ ਵਿੱਚ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ ਹੈ।

ਸੂਬੇ ਦੀ ਪੁਲਿਸ ਵੱਲੋਂ ਸਖ਼ਤ ਅਤੇ ਤਰੁੰਤ ਕਾਰਵਾਈ ਨਾਲ ਅਪਰਾਧੀਆਂ ‘ਤੇ ਨਕੇਲ ਕੱਸਣ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਲੋਕ ਮੁਕਾਬਲੇ ਲਈ ਤਿਆਰ ਰਹਿਣ ਕਿਉਂਕਿ ਅਜਿਹੇ ਲੋਕਾਂ ਲਈ ਸਾਡੇ ‘ਰੰਗਲੇ ਪੰਜਾਬ’ ਵਿੱਚ ਕੋਈ ਥਾਂ ਨਹੀਂ ਹੈ।

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਲਈ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਸਬੰਧੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਪੁਲਿਸ ਨੂੰ ਸੂਬੇ ਵਿੱਚੋਂ ਅਪਰਾਧ ਅਤੇ ਅਪਰਾਧੀ ਤੱਤਾਂ ਦੇ ਖ਼ਾਤਮੇ ਲਈ ਸੁਤੰਤਰ ਹੱਥ ਦਿੱਤਾ ਹੋਇਆ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਗਵਾ ਕੀਤੇ ਗਏ ਬੱਚੇ ਭਵਕੀਰਤ ਸਿੰਘ, ਜੋ ਕਿ ਪਹਿਲੀ ਜਮਾਤ ਦਾ ਵਿਦਿਆਰਥੀ ਹੈ, ਦੇ ਮਾਪਿਆਂ ਨਾਲ ਵੀ ਗੱਲ ਕੀਤੀ। ਆਪਣੇ ਟਵੀਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਭਵਕੀਰਤ ਦੇ ਪਿਤਾ ਰਣਵੀਰ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਵਿੱਚ ਅਜਿਹੇ ਬਦਨਾਮ ਤੱਤਾਂ ਲਈ ਕੋਈ ਥਾਂ ਨਹੀਂ ਹੈ।

ਇਸ ਮੌਕੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਜਸਵੰਤ ਸਿੰਘ ਗੱਜਣਮਾਜਰਾ, ਡੀ.ਆਈ.ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਖੰਨਾ ਦੇ ਐਸ.ਐਸ.ਪੀ. ਜੋਤੀ ਯਾਦਵ ਬੈਂਸ ਵੀ ਮੌਜੂਦ ਸਨ।

ਦੱਸਣਯੋਗ ਹੈ ਕਿ ਭਵਕੀਰਤ ਨੂੰ ਪਿੰਡ ਸੀਹਾਂ ਦੌਦ ਵਿਖੇ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਮੋਟਰਸਾਈਕਲ ਸਵਾਰ ਦੋ ਸ਼ੱਕੀਆਂ ਨੇ ਅਗਵਾ ਕਰ ਲਿਆ ਸੀ। ਅਗਵਾਕਾਰਾਂ ਵਿੱਚੋਂ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਅਤੇ ਦੋ ਹੋਰ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ।

Leave a Reply

Your email address will not be published. Required fields are marked *

View in English