View in English:
October 24, 2024 7:00 pm

‘ਆਪ ਦੀ ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਸਿਹਤ ਮੰਤਰੀ ਤ੍ਰਿਪੜੀ ਇਲਾਕੇ ਦੀਆਂ ਵਾਰਡਾਂ ‘ਚ ਪੁੱਜੇ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਕਤੂਬਰ 24

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ‘ਤੇ ਸ਼ੁਰੂ ਕੀਤੇ ਪ੍ਰੋਗਰਾਮ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਪਟਿਆਲਾ ਦਿਹਾਤੀ ਦੀਆਂ ਵਾਰਡਾਂ ਵਿੱਚ ਲੋਕਾਂ ਦੇ ਮਸਲੇ ਸੁਣਨ ਦੀ ਸ਼ੁਰੂਆਤ ਕੀਤੀ।
ਸਿਹਤ ਮੰਤਰੀ ਨੇ ਇਸ ਦੌਰਾਨ ਵਾਰਡ ਨੰਬਰ 3, 4, 5, 6, 8, 9, 10 ਤੇ 11 ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ ‘ਤੇ ਇਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ। ਉਨ੍ਹਾਂ ਦੇ ਨਾਲ ਨਗਰ ਨਿਗਮ ਕਮਿਸ਼ਨਰ ਡਾ. ਰਜਤ ਉਬਰਾਏ, ਐਸ.ਡੀ.ਐਮ. ਮਨਜੀਤ ਕੌਰ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਦੀਪਜੋਤ ਕੌਰ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਡੀ.ਐਸ.ਪੀ. ਡਾ. ਮਨੋਜ ਗੋਰਸੀ, ਐਸ.ਐਮ.ਓ. ਡਾ. ਮੋਨਿਕਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਨ੍ਹਾਂ ਨੂੰ ਮਾੜੇ ਹਸਪਤਾਲ, ਖਸਤਾ ਸੜਕਾਂ, ਟੁੱਟੇ ਸ਼ਹਿਰ ਤੇ ਖਰਾਬ ਅਰਥ ਵਿਵਸਥਾ ਵਿਰਾਸਤ ਵਿੱਚ ਮਿਲੀ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦ੍ਰਿਸ਼ਟੀ ਵਾਲੀ ਸੋਚ ਸਦਕਾ ਪੰਜਾਬ ਸਰਕਾਰ ਸਭ ਕੁਝ ਦਰੁਸਤ ਕਰਨ ਵੱਲ ਸੇਧਿਤ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਤ੍ਰਿਪੜੀ ਪਾਣੀ ਦੀ ਟੈਂਕੀ ਵਾਲੀ ਪਾਰਕ ਵਿੱਚ ਸਾਂਈ ਝੂਲੇ ਲਾਲ ਦੀ ਮੂਰਤੀ ਸਥਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਪਹਿਲੀ ਵਾਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਇਪ ਲਾਈਨ ਪਾਈ ਜਾ ਰਹੀ ਹੈ ਤੇ ਫੂਲਕੀਆਂ ਇਨਕਲੇਵ ਤੋਂ ਲੈਕੇ ਮਾਡਲ ਟਾਊਨ ਡਰੇਨ ਤੱਕ 4 ਕਿਲੋਮੀਟਰ ਦੀ ਲਾਇਨ ਪੈ ਚੁੱਕੀ ਹੈ। ਸ਼ਹਿਰ ਵਿੱਚ ਸਟਰੀਟ ਲਾਈਟਾਂ ਦਾ ਟੈਂਡਰ ਲੱਗ ਚੁੱਕਾ ਹੈ ਤੇ ਜਲਦੀ ਹੀ ਪਟਿਆਲਾ ਜਗਮਗ ਕਰੇਗਾ।
ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਦੱਸਿਆ ਕਿ ਸ਼ਹਿਰ ਵਿੱਚ ਐਲ ਐਂਡ ਟੀ ਵੱਲੋਂ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰਾਜੈਕਟ ਵਿੱਚ ਦੇਰੀ ਕਰਨ ਕਰਕੇ ਉਸਨੂੰ 9.50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਸਬੰਰ 2025 ਤੱਕ ਇਹ ਪ੍ਰਾਜੈਕਟ ਚਾਲੂ ਹੋ ਜਾਵੇਗਾ। ਇਸ ਤੋਂ ਬਿਨ੍ਹਾਂ ਪਾਈਪਾਂ ਪਾਉਣ ਕਰਕੇ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਨੂੰ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਹਰੇਕ ਵਾਰਡ ਵਿੱਚ ਜਾਣਗੇ ਤੇ ਤ੍ਰਿਪੜੀ ਦੇ ਵਸਨੀਕਾਂ ਦੀ ਹਰ ਸਮੱਸਿਆ ਦਾ ਹੱਲ ਲਾਜਮੀ ਹੋਵੇਗਾ।
ਸਿਹਤ ਮੰਤਰੀ ਨੇ ਤ੍ਰਿਪੜੀ ਦੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਸੜਕਾਂ ‘ਤੇ ਨਾ ਰੱਖਣ ਅਤੇ ਨਾ ਹੀ ਮਸ਼ਹੂਰੀ ਦੇ ਫਲੈਕਸ ਸੜਕਾਂ ‘ਤੇ ਲਗਾਉਣ ਤਾਂ ਕਿ ਰਾਹਗੀਰਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਤਿਉਹਾਰਾਂ ਦੇ ਸਮੇਂ ਭੀੜ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਤ੍ਰਿਪੜੀ ਵਿੱਚ ਪਾਰਕਿੰਗ ਦਾ ਪ੍ਰਬੰਧ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਜਿੱਥੇ ਸਾਰੇ ਪੰਜਾਬ ਲਈ ਸਿਹਤ ਮੰਤਰੀ ਹਨ, ਉਥੇ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਲਈ ਉਨ੍ਹਾਂ ਦੇ ਵਿਧਾਇਕ ਵੀ ਹਨ, ਇਸ ਲਈ ਉਹ ਜਿਵੇਂ ਪਹਿਲਾਂ ਵੋਟਾਂ ਮੰਗਣ ਲੋਕਾਂ ਕੋਲ ਆਏ ਸਨ, ਉਸੇ ਤਰ੍ਹਾਂ ਲੋਕਾਂ ਦੇ ਕੰਮ ਕਰਨ ਲਈ ਲੋਕਾਂ ਕੋਲ ਜਾਣਗੇ।
ਇਸ ਮੌਕੇ ਐਡਵੋਕੇਟ ਰਾਹੁਣ ਸੈਣੀ, ਵੇਦ ਕਪੂਰ, ਜੈ ਸ਼ੰਕਰ ਸ਼ਰਮਾ, ਜਸਵੀਰ ਗਾਂਧੀ, ਹਰੀ ਚੰਦ ਬਾਂਸਲ, ਦਵਿੰਦਰ ਕੌਰ, ਗੱਜਣ ਸਿੰਘ, ਚਰਨਜੀਤ ਸਿੰਘ ਐਸ.ਕੇ., ਸ਼ੰਕਰ, ਲਾਲ ਸਿੰਘ, ਕੁਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਲਾਡੀ, ਰੁਪਿੰਦਰ ਟੁਰਨਾ, ਸਰਪੰਚ ਸੰਤੋਖ ਸਿੰਘ ਸ਼ੋਕੀ, ਮਨਦੀਪ ਵਿਰਦੀ, ਰਾਜ ਵਿਕਰਾਂਤ, ਤ੍ਰਿਪੜੀ ਬਾਜ਼ਾਰ ਐਸੋਸੀਏਸ਼ਨ ਪ੍ਰਧਾਨ ਚਿੰਟੂ ਨਾਸਰਾ, ਮੀਤ ਪ੍ਰਧਾਨ ਅਸ਼ੋਕ ਚਾਵਲਾ, ਸੁਭਾਸ਼ ਵਲੇਚਾ, ਯਸ਼ ਕਾਲਰਾ, ਜਤਿਨ ਜੇ.ਡੀ., ਪਰਵਿੰਦਰ ਕੋਹਲੀ, ਕੇ ਸਾਹਨੀ, ਪਰਵੀਨ ਕਾਲਰਾ, ਲਲਿਤ ਧਵਨ, ਬਲਾਕ ਪ੍ਰਧਾਨ ਲਲਿਤ, ਰਨਜੀਤਾ ਰਵੀ ਅਤੇ ਹੋਰ ਪਤਵੰਤੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English