ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ “ਮੈਂ ਸੂਬੇ ਦੇ ਮੁਖੀ ਵਜੋਂ ਦੱਸ ਰਿਹਾ ਹਾਂ ਕਿ ਗੋਲਡੀ ਬਰਾੜ ਨੂੰ ਅੱਜ ਸਵੇਰੇ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।” ਉਨ੍ਹਾਂ ਕਿਹਾ “ਅਮਰੀਕਾ ਵਿੱਚ ਰਹਿ ਰਿਹਾ ਇੱਕ ਵੱਡਾ ਗੈਂਗਸਟਰ ਗੋਲਡੀ ਬਰਾੜ ਗ਼ੈਰ-ਕਾਨੂੰਨੀ ਕਾਰਵਾਈਆਂ ਵਿੱਚ ਸ਼ਾਮਿਲ ਸੀ ਅਤੇ ਅਜਿਹੇ ਕੰਮਾਂ ਲਈ ਪੈਸੇ ਦੇਣ ਦਾ ਕੰਮ ਵੀ ਕਰਦਾ ਸੀ।”
ਪੰਜਾਬ ਪੁਲਿਸ ਦਾ ਦਾਅਵਾ ਸੀ ਕਿ ਪੰਜਾਬੀ ਗਾਇਕ ਅਤੇ ਸਿਆਸਤਦਾਨ ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਗੋਲਡੀ ਬਰਾੜ ਸੀ। ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਨੇੜੇ ਦਿਨ ਦਿਹਾੜੇ ਗੋਲੀਆਂ ਮਾਰ ਕਤਲ ਕੀਤਾ ਗਿਆ ਸੀ ।
ਗੋਲਡੀ ਬਰਾੜ ਨੂੰ ਪੰਜਾਬ ਲਿਆਇਆ ਜਾਵੇਗਾ
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਜਲਦੀ ਹੀ ਗੈਂਗਸਟਰ ਸਭਿਆਚਾਰ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ “ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਤੋਂ ਗੋਲਡੀ ਬਰਾੜ ਲਈ ਨੂੰ ਰੈੱਡ ਕਾਰਨਰ ਨੌਟਿਸ ਜਾਰੀ ਕਰਵਾਇਆ ਸੀ। ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਲਦ ਹੀ ਉਸ ਨੂੰ ਇਥੇ ਲਿਆਂਦਾ ਜਾਵੇਗਾ।”
“ਗੋਲਡੀ ਬਰਾੜ ਕਈ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ ਅਤੇ ਉਸ ਨੂੰ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇਗਾ।” ਮੁੱਖ ਮੰਤਰੀ ਨੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ ਦੱਸਿਆ ਕਿ ਉਸ ਨੂੰ ਕੈਲੀਫ਼ੋਰਨੀਆਂ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਕੈਲੀਫ਼ੋਰਨੀਆਂ ਪੁਲਿਸ ਨੇ ਭਾਰਤ ਸਰਕਾਰ ’ਤੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਉਸ ਨੂੰ ਭਾਰਤ ਲਿਆਉਣ ਬਾਰੇ ਅਗਾਉਂ ਕਾਰਵਾਈ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
“ਅਸੀਂ ਉਸ ਨੂੰ ਯਕੀਨੀ ਤੌਰ ’ਤੇ ਇਥੇ ਲੈ ਕੇ ਆਵਾਂਗੇ ਤਾਂ ਜੋ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਜੀਅ ਗਵਾਏ ਉਨ੍ਹਾਂ ਨੂੰ ਕੁਝ ਸਕੂਨ ਮਿਲ ਸਕੇ।” ਗੋਲਡੀ ਬਰਾੜ ਤੋਂ ਇਲਾਵਾ ਹੋਰ ਵੀ ਜੋ ਗੈਂਗਸਟਰ ਵਿਦੇਸ਼ਾਂ ‘ਚ ਹਨ , ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਲਈ ਕੌਮਾਂਤਰੀ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਗੋਲਡੀ ਬਰਾੜ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ “ਗੋਲਡੀ ਬਰਾੜ ਪਾਕਿਸਤਾਨ ਤੋਂ ਕੁਝ ਲੋਕਾਂ ਦੇ ਸੰਪਰਕ ਵਿੱਚ ਸੀ ਅਤੇ ਉਥੋਂ ਹੀ ਕੰਮ ਕਰਵਾਉਂਦਾ ਸੀ। ਇਹ ਇੱਕ ਬਕਾਇਦਾ ਗੈਂਗ ਹੈ ਜੋ ਅਜਿਹੇ ਕੰਮਾਂ ਨੂੰ ਅੰਜਾਮ ਦਿੰਦਾ ਹੈ।”
ਜਾਣੋ ਕੌਣ ਹੈ ਗੋਲਡੀ ਬਰਾੜ
ਸਤਿੰਦਰ ਸਿੰਘ ਉਰਫ਼ ਗੋਲਡੀ ਬਰਾੜ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ। ਗੋਲਡੀ ਨੇ ਫੇਸਬੁੱਕ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬੀਤੇ ਸਾਲ ਫਰੀਦਕੋਟ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਯੂਥ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦੇ ਮਾਮਲੇ ‘ਚ ਗੋਲਡੀ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਇਸ ਤੋਂ ਇਲਾਵਾ ਗੁਰੂਗ੍ਰਾਮ ਵਿੱਚ ਹੋਏ ਦੁਹਰੇ ਕਤਲ ਦੇ ਮਾਮਲੇ ਵਿੱਚ ਵੀ ਗੋਲਡੀ ਦਾ ਨਾਮ ਸਾਹਮਣੇ ਆਇਆ ਸੀ। ਇਸ ਸਾਲ ਜੂਨ ਵਿੱਚ ਕੌਮਾਂਤਰੀ ਏਜੰਸੀ ਇੰਟਰਪੌਲ ਨੇ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।
Goldie Brar
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ। ਸੋਸ਼ਲ ਮੀਡੀਆ ‘ਤੇ ਇੱਕ ਫੇਸਬੁੱਕ ਪੋਸਟ ਵਿੱਚ ਗੋਲਡੀ ਬਰਾੜ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਕੀਤਾ ਗਿਆ ਹੈ।