ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 5
ਉੱਤਰੀ, ਮੱਧ ਅਤੇ ਉੱਤਰ-ਪੂਰਬ ਸਮੇਤ ਲਗਭਗ ਅੱਧਾ ਭਾਰਤ ਸੰਘਣੀ ਧੁੰਦ ਦੀ ਚਾਦਰ ਨਾਲ ਢੱਕਿਆ ਹੋਇਆ ਹੈ। ਜ਼ਿਆਦਾਤਰ ਖੇਤਰਾਂ ਵਿੱਚ ਵਿਜ਼ੀਬਿਲਟੀ ਲਗਾਤਾਰ ਦੂਜੇ ਦਿਨ ਜ਼ੀਰੋ ਤੱਕ ਪਹੁੰਚ ਗਈ। ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਸੜਕੀ ਆਵਾਜਾਈ, ਰੇਲ ਅਤੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਦਿੱਲੀ ਵਿੱਚ ਉਤਰਨ ਵਾਲੀਆਂ 19 ਉਡਾਣਾਂ ਨੂੰ ਮੋੜਨਾ ਪਿਆ, ਜਦੋਂ ਕਿ 400 ਤੋਂ ਵੱਧ ਉਡਾਣਾਂ ਦੀ ਆਵਾਜਾਈ ਵਿੱਚ ਦੇਰੀ ਹੋਈ। ਉੱਤਰੀ ਭਾਰਤ ਵਿੱਚ ਵੀ ਕਰੀਬ 200 ਟਰੇਨਾਂ ਦੇਰੀ ਨਾਲ ਚੱਲੀਆਂ। ਅਗਲੇ ਦੋ ਦਿਨਾਂ ਤੱਕ ਸੰਘਣੀ ਧੁੰਦ, ਪਹਾੜਾਂ ਵਿੱਚ ਬਰਫ਼ਬਾਰੀ ਅਤੇ ਕੁਝ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ ‘ਚ 5 ਜਨਵਰੀ ਨੂੰ ਭਾਰੀ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ 14 ਰਾਜਾਂ ਅਤੇ ਕੇਂਦਰ ਸਾਸ਼ਿਤ ਪਰਦੇਸ਼ਾਂ ‘ਚ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਦਿੱਲੀ ਦੇ ਪਾਲਮ, ਸਫਦਰਜੰਗ, ਜੰਮੂ-ਕਸ਼ਮੀਰ ਦਾ ਸ੍ਰੀਨਗਰ, ਹਰਿਆਣਾ ਦਾ ਹਿਸਾਰ, ਪੰਜਾਬ ਦਾ ਪਟਿਆਲਾ, ਅੰਮ੍ਰਿਤਸਰ, ਪਠਾਨਕੋਟ, ਚੰਡੀਗੜ੍ਹ, ਉੱਤਰ ਪ੍ਰਦੇਸ਼ ਦਾ ਬਰੇਲੀ, ਝਾਂਸੀ, ਬਹਿਰਾਇਚ, ਵਾਰਾਣਸੀ, ਆਗਰਾ, ਗਾਜ਼ੀਆਬਾਦ, ਲਖਨਊ, ਕਾਨਪੁਰ, ਮੱਧ ਪ੍ਰਦੇਸ਼ ਦਾ ਗਵਾਲੀਅਰ, ਰਾਜਸਥਾਨ ਦੇ ਸ੍ਰੀਗੰਗਾਨਗਰ, ਬਿਹਾਰ ਦੇ ਪੂਰਨੀਆ, ਭਾਗਲਪੁਰ ਅਤੇ ਅਸਾਮ ਦੇ ਗੁਹਾਟੀ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਰਹੀ। ਉਤਰਾਖੰਡ, ਹਿਮਾਚਲ ਪ੍ਰਦੇਸ਼, ਉੜੀਸਾ ਅਤੇ ਤ੍ਰਿਪੁਰਾ ਵਿੱਚ ਕਈ ਥਾਵਾਂ ‘ਤੇ ਵਿਜ਼ੀਬਿਲਟੀ 50 ਤੋਂ 200 ਮੀਟਰ ਦੇ ਵਿਚਕਾਰ ਰਿਕਾਰਡ ਕੀਤੀ ਗਈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕਾਂ ‘ਤੇ ਵਾਹਨ ਰੇਂਗਦੇ ਰਹੇ ਅਤੇ ਰੇਲਗੱਡੀਆਂ ਦੀ ਰਫ਼ਤਾਰ ਪਟੜੀ ‘ਤੇ ਰੁਕ ਗਈ। ਸਮੇਂ ‘ਤੇ ਜਹਾਜ਼ਾਂ ਦੇ ਉਡਾਣ ਭਰਨ ਦੀਆਂ ਤਿਆਰੀਆਂ ਵੀ ਬੇਕਾਰ ਹੋ ਗਈਆਂ।
ਦਿੱਲੀ ਦੇ ਨਾਲ-ਨਾਲ ਸ਼ਨੀਵਾਰ ਨੂੰ ਚੰਡੀਗੜ੍ਹ, ਸ਼੍ਰੀਨਗਰ, ਅੰਮ੍ਰਿਤਸਰ, ਗੁਹਾਟੀ ਅਤੇ ਪਟਨਾ ਵਿੱਚ ਸਭ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਦਿੱਲੀ ‘ਚ ਧੁੰਦ ਕਾਰਨ 13 ਘਰੇਲੂ, ਦੋ ਅੰਤਰਰਾਸ਼ਟਰੀ ਅਤੇ ਦੋ ਗੈਰ-ਅਨੁਸੂਚਿਤ ਉਡਾਣਾਂ ਨੂੰ ਲੈਂਡਿੰਗ ਲਈ ਦੂਜੇ ਸ਼ਹਿਰਾਂ ਵੱਲ ਮੋੜਨਾ ਪਿਆ। ਦੁਪਹਿਰ ਤੱਕ ਮੌਸਮ ਸਾਫ਼ ਹੋਣ ਤੋਂ ਬਾਅਦ ਉਡਾਣਾਂ ਆਮ ਵਾਂਗ ਹੋ ਗਈਆਂ।
ਉੱਤਰੀ ਰੇਲਵੇ ਦੀਆਂ ਟਰੇਨਾਂ ਦੇ ਸੰਚਾਲਨ ‘ਤੇ ਸਭ ਤੋਂ ਬੁਰਾ ਅਸਰ ਪਿਆ ਹੈ। 59 ਤੋਂ ਵੱਧ ਟਰੇਨਾਂ ਛੇ ਘੰਟੇ ਅਤੇ 22 ਟਰੇਨਾਂ ਅੱਠ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਚੱਲੀਆਂ। ਕਈ ਹੋਰ ਟਰੇਨਾਂ ਵੀ ਇਕ ਤੋਂ ਚਾਰ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਨ੍ਹਾਂ ਟਰੇਨਾਂ ‘ਚ ਵੰਦੇ ਭਾਰਤ, ਜੰਮੂ ਰਾਜਧਾਨੀ, ਆਂਧਰਾ ਐਕਸਪ੍ਰੈੱਸ, ਜੀਟੀ ਐਕਸਪ੍ਰੈੱਸ ਵੀ ਸ਼ਾਮਲ ਸਨ।