ਫੈਕਟ ਸਮਾਚਾਰ ਸੇਵਾ
ਕੈਰੋਂ , ਮਾਰਚ 1
ਤਰਨਤਾਰਨ ਪੁਲਿਸ ਵੱਲੋਂ ਬਦਮਾਸ਼ਾਂ ਖਿਲਾਫ ਕਾਰਵਾਈਆਂ ਲਗਾਤਾਰ ਜਾਰੀ ਹਨ। ਜਿਸ ਤਹਿਤ ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਅੱਜ ਤੜਕਸਾਰ ਪੁਲਿਸ ਅਤੇ ਤਿੰਨ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਵਿਦੇਸ਼ ਬੈਠੇ ਗੈਂਗਸਟਰ ਦੇ ਗੁਰਗਿਆਂ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ‘ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਜਵਾਬੀ ਕਾਰਵਾਈ ਵਿਚ ਪੁਲਿਸ ਟੀਮ ਨੇ ਵੀ ਫ਼ਾਇਰਿੰਗ ਕੀਤੀ। ਇਸ ਦੌਰਾਨ ਦੋ ਮੁਲਜ਼ਮ ਗੋਲ਼ੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ ਤੇ ਇੱਕ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਇਹ ਤਿੰਨੇ ਬਦਮਾਸ਼ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਗੁਰਗੇ ਸਨ। ਇਹ ਤਿੰਨੇ ਬਦਮਾਸ਼ ਇਲਾਕੇ ਵਿਚ ਲੋਕਾਂ ਤੋਂ ਫਿਰੌਤੀ ਮੰਗਣ ਦਾ ਕੰਮ ਕਰਦੇ ਸਨ। ਜਾਣਕਾਰੀ ਮੁਤਾਬਕ ਅੱਜ ਤੜਕਸਾਰ ਨੌਸ਼ਹਿਰਾ ਪੰਨੂਆਂ ਦੀ ਪੁਲਿਸ ਨੇ ਨੌਸ਼ਹਿਰਾ ਤੋਂ ਖੇੜਾ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਉਨ੍ਹਾਂ ਨੇ ਤਿੰਨਾਂ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਿਸ ‘ਤੇ ਫ਼ਾਇਰਿੰਗ ਕਰ ਦਿੱਤੀ ਜਿਸ ਦੌਰਾਨ ਪੁਲਿਸ ਦੀ ਗੱਡੀ ‘ਤੇ ਗੋਲੀ ਲੱਗੀ। ਪੁਲਿਸ ਵੱਲੋਂ ਵੀ ਜਵਾਬੀ ਫ਼ਾਇਰਿੰਗ ਕੀਤੀ ਗਈ। ਇਸ ਦੌਰਾਨ ਦੋਹਾਂ ਮੁਲਜ਼ਮਾਂ ਦੇ ਗੋਲ਼ੀਆਂ ਲੱਗੀਆਂ ਤੇ ਉਹ ਜ਼ਖ਼ਮੀ ਹੋ ਗਏ ਅਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।
ਘਟਨਾ ਸਥਾਨ ‘ਤੇ ਪੁੱਜੇ ਡੀ ਐਸ ਪੀ ਪੱਟੀ ਕੰਵਲਪ੍ਰੀਤ ਸਿੰਘ ਮੰਡ ਨੇ ਦੱਸਿਆ ਕਿ ਪੁਲਿਸ ਨੇ ਦੋਹਾਂ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਹੈ ਅਤੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਓਨ੍ਹਾਂ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਵੱਲੋਂ ਦੋ ਪਿਸਟਲ ਅਤੇ ਤਿੰਨ ਖੋਲ ਅਤੇ ਚਾਰ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ ਅਤੇ ਇਹ ਗੈਂਗਸਟਰ ਸੱਤਾ ਨੌਸ਼ਹਿਰਾ ਲਈ ਕੰਮ ਕਰਦੇ ਸਨ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।